ਮਲੋਟ, 24 ਨਵੰਬਰ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਪਾਤਸ਼ਾਹੀ ਨੌਵੀਂ ਕਿੰਗਰਾ ਰੋਡ ਪਿੰਡ ਅਬੁੱਲਖੁਰਾਣਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ 'ਚ ਪੰਥ ਦੇ ਮਹਾਨ ਢਾਡੀ ਜਥਿਆਂ ਭਾਈ ਲਖਵਿੰਦਰ ਸਿੰਘ ਬੀ.ਏ., ਢਾਡੀ ਜਥਾ ਗੁਰਚਰਨ ਸਿੰਘ ਚੰਨਾ ਭਾਈਰੂਪਾ, ਮੰਗਲਦੀਪ ਸਿੰਘ ਆਜ਼ਾਦ ਤੋਂ ਇਲਾਵਾ ਬੀਬੀਆਂ ਦਾ ਕਵਿਸ਼ਰੀ ਜਥਾ ਤੇ ਭਾਈ ਮੱਖਣ ਸਿੰਘ ਫ਼ੌਜੀ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਦੱੁਤੀ ਸ਼ਹਾਦਤ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਦੀ ਮਿਸਾਲ ਦੁਨੀਆ 'ਚ ਕਿਧਰੇ ਨਹੀਂ ਮਿਲਦੀ, ਕਿਉਂਕਿ ਇਹ ਕੁਰਬਾਨੀ ਗੁਰੂ ਸਾਹਿਬ ਨੇ ਮਨੁੱਖਤਾ ਤੇ ਧਰਮ ਬਚਾਉਣ ਲਈ ਦਿੱਤੀ ਸੀ | ਨਗਰ ਕੀਰਤਨ ਦੀ ਪਿੰਡ ਵਾਸੀਆਂ ਨੇ ਤਨ, ਮਨ, ਧਨ ਨਾਲ ਸੇਵਾ ਕਰਦਿਆਂ ਸ਼ਰਧਾ ਪੂਰਵਕ ਸ਼ਮੂਲੀਅਤ ਕੀਤੀ | ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਜੋਸ਼ ਵਲੋਂ ਨਿਭਾਈ ਗਈ |