ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਹਰਮਹਿੰਦਰ ਪਾਲ)-ਸਰਕਾਰੀ ਆਈ.ਟੀ.ਆਈ. ਠੇਕਾ ਮੁਲਾਜ਼ਮ ਸਰਕਾਰ ਵਲੋਂ ਮੰਗਾਂ ਪੂਰੀਆਂ ਨਾ ਕਰਨ 'ਤੇ ਖਫ਼ਾ ਹਨ, ਜਿਸ ਕਰਕੇ ਹੁਣ ਕਰੜਾ ਸੰਘਰਸ਼ ਵਿੱਢਣ ਲਈ ਤਕਨੀਕੀ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ | ਇਸ ਜਾਣਕਾਰੀ ਦਿੰਦਿਆਂ ਆਈ.ਟੀ.ਆਈ. ਕਰਮਚਾਰੀ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ, ਬਲਜੀਤ ਸਿੰਘ, ਸੁਖਪਾਲ ਸਿੰਘ, ਸੁਖਚੈਨ ਕੌਰ, ਆਰਤੀ ਰਾਣੀ ਨੇ ਦੱਸਿਆ ਕਿ ਸੰਘਰਸ਼ ਦੌਰਾਨ ਕਰਮਚਾਰੀ ਸੰਸਥਾਵਾਂ 'ਚ ਸਿਖਲਾਈ ਦਾ ਕੰਮ, ਪੋਰਟਲਾਂ ਦਾ ਕੰਮ, ਵੈਰੀਫ਼ਿਕੇਸ਼ਨ ਦਾ ਕੰਮ, ਦਫ਼ਤਰੀ ਕੰਮ, ਈ.ਐੱਮ.ਸੀ. ਐਪ ਦਾ ਕੰਮ ਵੀ ਠੱਪ ਕਰ ਦੇਣਗੇ | ਉਨ੍ਹਾਂ ਦੱਸਿਆ ਕਿ ਜ਼ਿਮਨੀ ਚੋਣਾਂ ਦੌਰਾਨ ਤਰਨਤਾਰਨ ਵਿਖੇ ਲਗਾਏ ਪੱਕੇ ਮੋਰਚੇ ਦੌਰਾਨ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਜਲਦ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ, ਪਰ ਬਾਅਦ ਵਿਚ ਕੁਝ ਨਹੀਂ ਕੀਤਾ | ਧਰਨਿਆਂ ਦੀ ਇਹ ਕਾਰਵਾਈ 22 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ | ਇਸ ਦੌਰਾਨ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਕਿਹਾ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਘਰ ਦਿੱਲੀ ਵੀ ਚਲੇ ਜਾਣਗੇ |