ਜੈਤੋ, 18 ਦਸੰਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਜੈਤੋ ਵਿਧਾਨ ਸਭਾ ਹਲਕੇ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਵਿਚਕਾਰ ਫ਼ਸਵੀਂ ਟੱਕਰ ਦੇਖਣ ਨੂੰ ਮਿਲੀ | ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਮੈਦਾਨ 'ਚ ਪੂਰੀ ਤਾਕਤ ਲਗਾਈ, ਜਿਸ ਕਾਰਨ ਚੋਣ ਮੁਕਾਬਲਾ ਆਖ਼ਰੀ ਦਮ ਤੱਕ ਦਿਲਚਸਪ ਬਣਿਆ ਰਿਹਾ | ਚੋਣ ਨਤੀਜਿਆਂ ਤੋਂ ਸਾਫ਼ ਹੋ ਗਿਆ ਕਿ ਜੈਤੋ ਹਲਕੇ ਦੇ ਵੋਟਰਾਂ ਨੇ ਇਸ ਵਾਰ ਕਾਂਗਰਸੀ ਲੀਡਰਾਂ ਦੀ ਧੜ੍ਹੇਬੰਦੀ ਕਾਰਨ ਪਾਰਟੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ | ਕਾਂਗਰਸ ਦੇ ਉਮੀਦਵਾਰ ਜ਼ਿਆਦਾਤਰ ਹਲਕਿਆਂ ਵਿਚ ਪਿੱਛੇ ਰਹੇ, ਜਿਸ ਨਾਲ ਪਾਰਟੀ ਦੀ ਜ਼ਮੀਨੀ ਪਕੜ ਕੰਮਜ਼ੋਰ ਹੋਣ ਦੇ ਸੰਕੇਤ ਮਿਲੇ ਹਨ | ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਲੋਂ ਕੀਤੇ ਗਏ ਦਾਅਵੇ ਤੇ ਵਰਕਰਾਂ ਦੀ ਸਰਗਰਮੀ ਨੇ ਚੋਣ ਮਾਹੌਲ ਬਣਾਈ ਰੱਖਿਆ | ਕੁੱਲ ਮਿਲਾ ਕੇ ਜੈਤੋ ਹਲਕੇ ਦੀਆਂ ਇਹ ਚੋਣਾਂ ਆਉਣ ਵਾਲੀ ਰਾਜਨੀਤੀ ਲਈ ਇਕ ਅਹਿਮ ਸੰਕੇਤ ਮੰਨੀਆਂ ਜਾ ਰਹੀਆਂ ਹਨ, ਜਿਥੇ ਮੁੱਖ ਮੁਕਾਬਲਾ ਹੁਣ ਸਾਫ਼ ਤੌਰ 'ਤੇ ਆਪ ਅਤੇ ਅਕਾਲੀ ਦਲ ਦਰਮਿਆਨ ਹੀ ਰਹਿਣ ਦੇ ਆਸਾਰ ਨਜ਼ਰ ਆ ਰਹੇ ਹਨ |