ਬਾਜਾਖਾਨਾ, 21 ਦਸੰਬਰ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਰੋਮਾਣਾ ਅਜੀਤ ਸਿੰਘ ਬਲਾਕ ਸੰਮਤੀ ਦੇ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਉਮੀਦਵਾਰ ਬੀਬੀ ਮਨਜਿੰਦਰ ਕੌਰ ਰੋਮਾਣਾ ਵਲੋਂ ਜ਼ੋਨ ਰੋਮਾਣਾ ਅਜੀਤ ਸਿੰਘ ਤੋਂ ਜੇਤੂ ਰਹਿਣ 'ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਤੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ 'ਤੇ ਮਾਨ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਦੇ ਕੇ ਨਿਵਾਜਿਆ ਤੇ ਉਨ੍ਹਾਂ ਨੇ ਪਿਆਰ ਤੇ ਸਤਿਕਾਰ ਸਦਕਾ ਜ਼ੋਨ ਦੇ ਵੋਟਰਾਂ ਨੇ ਉਨ੍ਹਾਂ ਨੂੰ ਮਾਣ ਬਖਸ਼ਿਆ ਅਤੇ ਜਿੱਤ ਪ੍ਰਾਪਤ ਕਰਵਾਈ | ਵਰਣਨਯੋਗ ਹੈ ਕਿ ਉਕਤ ਬੀਬੀ ਮਨਜਿੰਦਰ ਕੌਰ ਰੋਮਾਣਾ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਗੁਲਸ਼ਨ ਸਿੰਘ ਰੋਮਾਣਾ ਦੇ ਭਰਜਾਈ ਹਨ, ਜਿਨ੍ਹਾਂ ਦਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਤੇ ਜ਼ੋਨ ਦੇ ਵੋਟਰਾਂ ਨਾਲ ਕਰੀਬੀ ਸਬੰਧ ਹਨ | ਉਨ੍ਹਾਂ ਦੀ ਮਿਹਨਤ ਸਦਕਾ ਇਹ ਸੰਭਵ ਹੋਇਆ ਹੈ | ਇਸ ਮੌਕੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਸਾਬਕਾ ਸਰਪੰਚ ਜਗਰੂਪ ਸਿੰਘ ਬਰਾੜ, ਹਰਭਗਵਾਨ ਸਿੰਘ ਘਣੀਆਂ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਘਣੀਆਂ, ਗੁਰਪ੍ਰੀਤ ਸਿੰਘ ਆਦਿ ਨੇ ਮੁਬਾਰਕਬਾਦ ਦਿੱਤੀ ਤੇ ਆਸ ਪ੍ਰਗਟਾਈ ਕਿ ਬੀਬੀ ਮਨਜਿਦਰ ਕੌਰ ਰੋਮਾਣਾ ਜ਼ੋਨ ਰੋਮਾਣਾ ਅਜੀਤ ਸਿੰਘ ਅਤੇ ਇਲਾਕੇ ਦੇ ਵੋਟਰਾਂ ਦੇ ਹਰ ਕੰਮ ਧੰਦੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣਗੇ |