ਜੈਤੋ, 22 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਧੰਨ ਸਿੰਘ ਕਰੀਰਵਾਲੀ ਵਲੋਂ ਆਪਣੀ ਨਵ-ਪ੍ਰਕਾਸ਼ਿਤ ਪੁਸਤਕ 'ਮਨ ਮਸਤਕ' ਦੀਆਂ ਪ੍ਰਥਮ ਪ੍ਰਤੀਆਂ ਆਪਣੇ ਆਦਰਯੋਗ ਅਧਿਆਪਕਾਂ ਨੂੰ ਭੇਟ ਕਰਨਾ ਗੁਰੂ-ਸ਼ਿਸ਼ ਪਰੰਪਰਾ ਪ੍ਰਤੀ ਉਨ੍ਹਾਂ ਦੀ ਡੂੰਘੀ ਸ਼ਰਧਾ ਅਤੇ ਆਦਰ ਦਾ ਜੀਵੰਤ ਪ੍ਰਮਾਣ ਹੈ | ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਲੇਖਕ ਨੂੰ ਪੁਸਤਕ ਪ੍ਰਕਾਸ਼ਨ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ 'ਮਨ ਮਸਤਕ' ਮਨੁੱਖੀ ਮਨ ਦੀ ਅੰਦਰੂਨੀ ਅਵਸਥਾ, ਸੋਚ ਅਤੇ ਚੇਤਨਾ ਨੂੰ ਸੁਚੱਜੇ ਢੰਗ ਨਾਲ ਉਘਾੜਦੀ ਹੈ | ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਵਲੋਂ ਸਾਹਿਤ ਸਿਰਜਣਾ ਵੱਲ ਵਧਦਾ ਰੁਝਾਨ ਸਮਾਜ ਲਈ ਸੁਖਦ ਸੰਕੇਤ ਹੈ | ਕਾਲਜ ਦੇ ਸੀਨੀਅਰ ਮੋਸਟ ਫ਼ੈਕਲਟੀ ਮੈਂਬਰ ਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਲੇਖਕ ਦੀ ਲਿਖਤ ਪਾਠਕ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਪ੍ਰੇਰਿਤ ਕਰਦੀ ਹੈ ਅਤੇ ਆਤਮ-ਮੰਥਨ ਦਾ ਰਾਹ ਖੋਲ੍ਹਦੀ ਹੈ | ਪ੍ਰੋ. ਸ਼ਿਲਪਾ ਕਾਂਸਲ ਨੇ ਪੁਸਤਕ ਨੂੰ ਮਨੁੱਖੀ ਮਨ ਦੀਆਂ ਸੁੱਕੀਆਂ ਤੇ ਡੂੰਘੀਆਂ ਪਰਤਾਂ ਨੂੰ ਖੋਲ੍ਹਣ ਵਾਲੀ ਰਚਨਾ ਦੱਸਿਆ | ਡਾ. ਸੁਭਾਸ਼ ਚੰਦਰ ਨੇ ਆਖਿਆ ਕਿ ਅਜਿਹੀਆਂ ਰਚਨਾਵਾਂ ਸਮਾਜਕ ਸੰਵੇਦਨਸ਼ੀਲਤਾ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਪਾਠਕ ਨੂੰ ਮਨੁੱਖੀ ਮੁੱਲਾਂ ਨਾਲ ਜੋੜਦੀਆਂ ਹਨ | ਇਸ ਮੌਕੇ ਧੰਨ ਸਿੰਘ ਕਰੀਰਵਾਲੀ ਨੇ ਆਪਣੇ ਆਦਰਯੋਗ ਅਧਿਆਪਕਾਂ ਦਾ ਸਿਰ ਨਿਵਾ ਕੇ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਲਗਾਤਾਰ ਰਹਿਨੁਮਾਈ, ਹÏਸਲਾ-ਅਫ਼ਜ਼ਾਈ ਅਤੇ ਆਸ਼ੀਰਵਾਦ ਹੀ ਉਸਦੀ ਸਾਹਿਤਕ ਯਾਤਰਾ ਦੀ ਮਜ਼ਬੂਤ ਨਿਉਂ ਹਨ | ਉਨ੍ਹਾਂ ਆਸ ਜਤਾਈ ਕਿ 'ਮਨ ਮਸਤਕ' ਪਾਠਕਾਂ ਦੇ ਮਨ ਅਤੇ ਮਸਤਕ ਦੋਹਾਂ ਨੂੰ ਛੂਹ ਕੇ ਉਨ੍ਹਾਂ ਦੀ ਸੋਚ ਨੂੰ ਨਵਾਂ ਰੁਖ ਦੇਵੇਗੀ |