ਸ੍ਰੀ ਮੁਕਤਸਰ ਸਾਹਿਬ, 25 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ 'ਚ ਆਨਲਾਈਨ ਮੀਟਿੰਗ ਹੋਈ | ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੀਤੀ ਤੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਅਪਣੇ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ 2 ਮਿੰਟ ਦਾ ਮੌਨ ਰੱਖ ਕੇ ਨਮਨ ਕੀਤਾ ਗਿਆ | ਵਿਰਸਾ ਸਿੰਘ ਅੰਮਿ੍ਤਸਰ, ਬਲਵੀਰ ਸਿੰਘ ਤਰਨਤਾਰਨ, ਰਣਜੀਤ ਸਿੰਘ ਗੁਰਦਾਸਪੁਰ, ਅਮਨਦੀਪ ਸਿੰਘ ਛੱਤ, ਸਤਨਾਮ ਸੰਗਰੂਰ ਅਤੇ ਰਵੀ ਲੁਧਿਆਣਾ ਨੇ ਕਿਹਾ ਕਿ ਬੀਤੀ 30 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਵਲੋਂ ਵਣ ਤੇ ਜੰਗਲੀ ਜੀਵ ਵਿਭਾਗ ਦੇ ਪੱਕੇ ਕੀਤੇ ਮੁਲਾਜ਼ਮਾਂ ਨੂੰ ਹੁਣ ਤੱਕ ਪੂਰੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆ ਜਾ ਰਹੀਆਂ ਤੇ ਸੀਨੀਅਰ 519 ਅਨਪੜ੍ਹ ਕਾਮਿਆਂ ਨੂੰ ਹੁਣ ਤੱਕ ਪੱਕਾ ਵੀ ਨਹੀਂ ਕੀਤਾ ਜਾ ਰਿਹਾ | ਇਸ ਤੋਂ ਇਲਾਵਾ ਮਾਣਯੋਗ ਹਾਈਕੋਰਟ ਦੇ 26 ਫ਼ਰਵਰੀ 2024 ਦੇ ਫ਼ੈਸਲੇ ਨਾਲ ਸੰਬੰਧਿਤ ਕੇਸਾਂ 'ਚ 548 ਵਰਕਰਾਂ ਦਾ ਬਕਾਇਆ ਸਮੂਹ ਵਣ ਮੰਡਲ ਅਫ਼ਸਰਾਂ ਵਲੋਂ ਬਿੱਲ ਖ਼ਜ਼ਾਨੇ ਭੇਜੇ ਗਏ ਹਨ, ਜਿਸ ਤਹਿਤ ਬਠਿੰਡਾ, ਲੁਧਿਆਣਾ, ਮੋਹਾਲੀ, ਛੱਤ ਬੀੜ ਚਿੜੀਆਘਰ ਤੇ ਹੋਰ ਖ਼ਜ਼ਾਨਾ ਦਫ਼ਤਰਾਂ ਵਲੋਂ ਬਿੱਲ ਪਾਸ ਕਰਕੇ ਵਰਕਰਾਂ ਦੇ ਖ਼ਾਤਿਆਂ 'ਚ ਏਰੀਅਰ ਬਕਾਇਆ ਪਾਇਆ ਗਿਆ, ਪਰ ਕੱੁਝ ਜ਼ਿਲ੍ਹਾ ਖ਼ਜ਼ਾਨਾ ਅਫ਼ਸਰਾਂ ਵਲੋਂ ਹੁਣ ਤੱਕ ਬਕਾਇਆ ਵਰਕਰਾਂ ਦੇ ਖ਼ਾਤਿਆਂ 'ਚ ਨਹੀਂ ਪਾਇਆ ਗਿਆ, ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਫ਼ੈਸਲਾ ਕੀਤਾ 29 ਤੇ 30 ਦਸੰਬਰ ਨੂੰ ਲਗਾਤਾਰ ਦੋ ਦਿਨ ਪੰਜਾਬ ਦੇ ਸਮੂਹ ਖ਼ਜ਼ਾਨਾ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦੇਣ ਉਪਰੰਤ ਅਰਥੀਫ਼ਫੂਕ ਪ੍ਰਦਰਸ਼ਨ ਕੀਤੇ ਜਾਣਗੇ |