ਬਰਗਾੜੀ, 28 ਦਸੰਬਰ (ਲਖਵਿੰਦਰ ਸ਼ਰਮਾ)-ਪੁਲਿਸ ਚੌਂਕੀ ਬਰਗਾੜੀ ਵਿਖੇ ਕੱੁਝ ਸਮਾਂ ਪਹਿਲਾਂ ਇੰਚਾਰਜ ਵਜੋਂ ਤਾਇਨਾਤ ਰਹੇ ਏ.ਐਸ.ਆਈ ਗੁਰਮੇਜ ਸਿੰਘ ਨੇ ਹੁਣ ਫ਼ਿਰ ਤੋਂ ਪੁਲਿਸ ਚੌਂਕੀ ਬਰਗਾੜੀ ਦਾ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਚਾਰਜ ਸੰਭਾਲਦਿਆਂ ਹੀ ਸਭ ਤੋਂ ਪਹਿਲਾਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਗਲਤ ਕੰਮਾਂ ਤੋਂ ਬਾਜ ਆ ਜਾਣ ਜਾਂ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ | ਉਨ੍ਹਾਂ ਸਮੂਹ ਪੰਚਾਇਤਾਂ, ਸਮਾਜ ਸੇਵੀਆਂ ਆਦਿ ਨੂੰ ਵੀ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਤੇ ਗੈਂਗਸਟਰਾਂ, ਚੋਰਾਂ, ਲੁਟੇਰਿਆਂ ਆਦਿ ਸਬੰਧੀ ਤੁਰੰਤ ਇਤਲਾਹ ਪੁਲਿਸ ਨੂੰ ਦੇਣ ਤਾਂ ਕਿ ਇੰਨ੍ਹਾਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ | ਇਲਾਕਾ ਬਰਗਾੜੀ ਦੀਆਂ ਬਹੁਤ ਸਾਰੀਆਂ ਮੌਜੂਦਾ ਪੰਚਾਇਤਾਂ, ਸਾਬਕਾ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਦੁਕਾਨਦਾਰਾਂ ਆਦਿ ਨੇ ਗੁਰਮੇਜ ਸਿੰਘ ਦੀ ਪੁਲਿਸ ਚੌਂਕੀ ਬਰਗਾੜੀ ਵਿਖੇ ਇੰਚਾਰਜ ਵਜੋਂ ਮੁੜ ਤੋਂ ਨਿਯੁਕਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਦੀ ਨਿਯੁਕਤੀ ਨਾਲ ਸਮਾਜ ਵਿਰੋਧੀ ਅਨਸਰਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ 'ਚ ਕਮੀ ਆਵੇਗੀ ਤੇ ਸਮਾਜ ਵਿਰੋਧੀ ਅਨਸਰਾਂ 'ਚ ਡਰ ਪੈਦਾ ਹੋਵੇਗਾ |