ਪੰਜਾਬ ਪੁਲਿਸ ਤੇ ਏਜੰਸੀਆਂ ਪਾਰਟੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨ-ਬਾਪੂ ਤਰਸੇਮ ਸਿੰਘ
<br/>
ਬਰਨਾਲਾ, 1 ਜੂਨ (ਗੁਰਪ੍ਰੀਤ ਸਿੰਘ ਲਾਡੀ)-ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਸੰਸਦ ਮੈਂਬਰ ਪਾਰਲੀਮੈਂਟ ਤੇ ਮੁੱਖ ਸੇਵਾਦਾਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਦੇ ਚੀਫ਼ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਜੌਹਲ ਵਲੋਂ ਬਰਨਾਲਾ ਵਿਖੇ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਪਾਰਟੀ ਵਿਚ ਨਵੇਂ ਬੁਲਾਰਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ | ਜਿਨ੍ਹਾਂ ਵਿਚ ਮੁੱਖ ਤੌਰ 'ਤੇ ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਤੋਂ ਇਲਾਵਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋਫੈਸਰ ਬੀਬੀ ਸਤਨਾਮ ਕੌਰ ਪਟਿਆਲਾ, ਸੁਖਦੇਵ ਸਿੰਘ ਸੰਧੂ ਕਾਦੀਆਂ ਅਤੇ ਪ੍ਰਗਟ ਸਿੰਘ ਮੀਆਂਵਿੰਡ ਨੂੰ ਪਾਰਟੀ ਦੇ ਮੁੱਖ ਬੁਲਾਰਿਆਂ ਵਜੋਂ ਨਿਯੁਕਤ ਕੀਤਾ ਗਿਆ, ਜੋ ਕਿ ਅਗਲੇ ਦਿਨਾਂ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਜਨਤਾ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨਗੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਅਤੇ ਭਾਈ ਪਰਮਜੀਤ ਸਿੰਘ ਜੌਹਲ ਨੇ ਕਿਹਾ ਕਿ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਲੰਮੇ ਸਮੇਂ ਤੋਂ ਪੰਜਾਬ ਤੇ ਪੰਥ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਸਰਕਾਰ ਦੇ ਤੰਤਰ ਖ਼ਾਸ ਕਰ ਕੇ ਸੀ.ਆਈ.ਡੀ. ਅਤੇ ਹੋਰ ਖ਼ੁਫ਼ੀਆ ਏਜੰਸੀਆਂ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਜੁੜੇ ਸਰਗਰਮ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਨੂੰ ਫੋਨਾਂ ਰਾਹੀਂ ਡਰਾਇਆ ਜਾ ਰਿਹਾ, ਪੁਲਿਸ ਚੌਕੀਆਂ 'ਤੇ ਬੁਲਾ ਕੇ ਹੱਕ-ਹਕੂਕ ਦੀ ਲੜਾਈ ਤੋਂ ਹਟਣ ਲਈ ਦਬਾਅ ਬਣਾਇਆ ਜਾ ਰਿਹਾ ਹੈ | ਉਨ੍ਹਾਂ ਦੀ ਫ਼ੋਨ ਰਿਕਾਰਡਿੰਗ ਜਾਂ ਸਾਥੀ ਵਰਕਰਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਜੋ ਸਿੱਧੇ ਤੌਰ 'ਤੇ ਲੋਕਤੰਤਰ ਅਤੇ ਨਿੱਜੀ ਹੱਕਾਂ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਇਨ੍ਹਾਂ ਤਾਨਾਸ਼ਾਹੀ ਭਰਪੂਰ ਹੱਥਕੰਡਿਆਂ ਦੀ ਸਖ਼ਤ ਨਿੰਦਿਆ ਕਰਦੀ ਹੈ ਅਤੇ ਚੇਤਾਵਨੀ ਦਿੰਦੀ ਹੈ ਕਿ ਜੇਕਰ ਇਹ ਬੇਬੁਨਿਆਦ ਤੰਗਪੇਸ਼ੀ ਬੰਦ ਨਾ ਹੋਈ ਤਾਂ ਪਾਰਟੀ ਸੂਬਾ ਭਰ ਵਿਚ ਸਰਕਾਰ ਵਿਰੋਧੀ ਅੰਦੋਲਨ ਸ਼ੁਰੂ ਲਈ ਮਜਬੂਰ ਹੋਵੇਗੀ | ਉਕਤ ਆਗੂਆਂ ਨੇ ਦੱਸਿਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਾਰਟੀ ਪੂਰੀ ਸਰਗਰਮੀ ਨਾਲ ਲੜੇਗੀ | ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ ਕਿ ਪਾਰਟੀ ਵਲੋਂ ਜੋ ਜ਼ੰੁਮੇਵਾਰੀ ਉਨ੍ਹਾਂ ਨੂੰ ਦਿੱਤੀ ਜਾਵੇਗੀ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸੁਖਦੇਵ ਸਿੰਘ ਸੰਧੂ ਕਾਦੀਆਂ, ਪ੍ਰਗਟ ਸਿੰਘ ਮੀਆਂਵਿੰਡ ਅਤੇ ਅਵਤਾਰ ਸਿੰਘ ਸੰਧੂ ਪੀ.ਏ. ਵੀ ਮੌਜੂਦ ਸਨ |