ਮਲੇਰਕੋਟਲਾ, 3 ਜੂਨ (ਮਨਜਿੰਦਰ ਸਿੰਘ ਸਰੌਦ)-ਸੂਬਾ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਪੰਜਾਬ ਨੂੰ ਤਿੰਨ ਜੋਨਾਂ ਵਿਚ ਵੰਡ ਕੇ ਤਰੀਕਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਪੰਜਾਬ ਦੇ ਜਿਹੜੇ ਜ਼ਿਲਿ੍ਹਆਂ ਅੰਦਰ ਝੋਨੇ ਦੀ ਲਵਾਈ 1 ਜੂਨ ਨੂੰ ਸ਼ੁਰੂ ਹੋਣੀ ਸੀ ਉੱਥੇ ਕੰਮ ਤਕਰੀਬਨ ਸ਼ੁਰੂ ਹੋ ਚੁੱਕਿਆ ਹੈ | ਉਸ ਤੋਂ ਬਾਅਦ ਪੰਜਾਬ ਦੇ ਅਗਲੇ ਖੇਤਰਾਂ ਅੰਦਰ ਝੋਨੇ ਦੀ ਲਵਾਈ 5 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਝੋਨੇ ਦੀ ਲਵਾਈ ਦਾ ਆਖ਼ਰੀ ਪੜਾਅ 9 ਜੂਨ ਹੈ ਪਰ ਮਜ਼ਦੂਰਾਂ ਦੀ ਕਿੱਲਤ ਤੇ ਝੋਨੇ ਦੀ ਪਨੀਰੀ ਛੋਟੀ ਹੋਣ ਕਾਰਨ ਬਹੁਤੇ ਕਿਸਾਨ 5 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਨਹੀਂ ਕਰ ਸਕਣਗੇ | ਭਾਵੇਂ ਬੀਤੇ ਕੁਝ ਦਿਨਾਂ ਤੋਂ ਮੌਸਮ ਵਿਚ ਆਈ ਤਬਦੀਲੀ ਦੇ ਚੱਲਦਿਆਂ ਕਈ ਇਲਾਕਿਆਂ ਅੰਦਰ ਹੋਈ ਹਲਕੀ ਤੋਂ ਭਾਰੀ ਬਾਰਿਸ਼ ਦੇ ਨਾਲ ਕਿਸਾਨਾਂ ਨੇ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ | ਕਿਸਾਨਾਂ ਦਾ ਤਰਕ ਹੈ ਕਿ ਮੀਂਹ ਨਾਲ ਝੋਨੇ ਦੀ ਲਵਾਈ ਦਾ ਕੰਮ ਜਲਦੀ ਨੇਪਰੇ ਚੜ੍ਹ ਜਾਵੇਗਾ | ਇਸ ਸੰਬੰਧੀ ਗੱਲਬਾਤ ਕਰਦਿਆਂ ਕਿਸਾਨ ਜਥੇਦਾਰ ਸੇਰ ਸਿੰਘ ਭੋਗੀਵਾਲ, ਦਰਸ਼ਨ ਸਿੰਘ ਕੁੱਪ ਕਲਾਂ, ਪ੍ਰਧਾਨ ਜਰਨੈਲ ਸਿੰਘ ਨੇ ਆਖਿਆ ਕਿ ਭਾਵੇਂ ਸਰਕਾਰ ਨੇ ਪੰਜਾਬ ਨੂੰ ਝੋਨੇ ਦੀ ਲਵਾਈ ਲਈ 3 ਪੜਾਵਾਂ ਵਿਚ ਵੰਡਿਆ ਹੈ ਜਿਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਖਪਤ ਵਿਚ ਫ਼ਾਇਦਾ ਹੋਵੇਗਾ ਪਰ ਹੁਣ ਕਿਸਾਨ ਵਰਗ ਨੂੰ ਝੋਨਾ ਲਗਾਉਣ ਲਈ ਮਜ਼ਦੂਰ ਨਹੀਂ ਮਿਲ ਰਹੇ ਹਨ | ਇਸ ਲਈ ਉਨ੍ਹਾਂ ਨੂੰ ਰੇਲਵੇ ਸਟੇਸ਼ਨਾਂ 'ਤੇ ਜਾ ਕੇ ਮਜ਼ਦੂਰਾਂ ਦੀ ਭਾਲ ਕਰਨੀ ਪੈ ਰਹੀ ਹੈ | ਲੇਬਰ ਦੀ ਕਿੱਲਤ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਦਾ ਆਪਣਾ ਵੱਖਰਾ ਦਰਦ ਹੈ | ਉਨ੍ਹਾਂ ਦਾ ਆਖਣਾ ਹੈ ਕਿ ਬਹੁਤੇ ਕਿਸਾਨਾਂ ਵਲੋਂ ਸਮਾਂ ਰਹਿੰਦਿਆਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਸਪਸ਼ਟ ਹਦਾਇਤਾਂ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਆਪਣੇ ਖੇਤਾਂ ਅੰਦਰ ਪੂਸਾ 44 ਝੋਨੇ ਦੀ ਪਨੀਰੀ ਦੀ ਬਿਜਾਈ ਕਰ ਲਈ ਸੀ ਪ੍ਰੰਤੂ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਪਨੀਰੀ ਬੀਜਣੀ ਪਈ ਜੋ ਅਜੇ ਲਗਾਉਣ ਦੇ ਯੋਗ ਨਹੀਂ | ਜਿੱਥੇ ਕਿਸਾਨ ਵਰਗ ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਕਿੱਲਤ ਦੇ ਨਾਲ ਜੂਝ ਰਿਹਾ ਹੈ ਉੱਥੇ ਹੀ ਸਰਕਾਰ ਦੀਆਂ ਸਹੀ ਨੀਤੀਆਂ ਨਾ ਹੋਣ ਕਾਰਨ ਦੁਬਾਰਾ ਪਨੀਰੀ ਬੀਜਣ ਵਾਲੇ ਕਿਸਾਨ ਖ਼ਰਚ ਕਰਨ ਦੇ ਬਾਵਜੂਦ ਮੁਸ਼ਕਲਾਂ ਵਿੱਚ ਘਿਰ ਚੁੱਕੇ ਹਨ |
ਮਜ਼ਦੂਰਾਂ ਦੀ ਕਿੱਲਤ ਤੇ ਪਨੀਰੀ ਛੋਟੀ ਹੋਣ ਕਾਰਨ ਬਹੁਤੇ ਕਿਸਾਨ ਕੱਲ੍ਹ ਤੋਂ ਨਹੀਂ ਸ਼ੁਰੂ ਕਰ ਸਕਣਗੇ ਝੋਨੇ ਦੀ ਲਵਾਈ ਮੀਂਹ ਨੇ ਦਿੱਤੀ ਰਾਹਤ ਪਰ ਕਿਸਾਨ ਮਜ਼ਦੂਰਾਂ ਨੂੰ ਭਾਲਣ ਤੁਰੇ <br/>
ਅਜੀਤ ਡੈਸਕ
04-06-2025