ਅੰਮ੍ਰਿਤਸਰ, 3 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ਦੇ ਸ਼ੇਖ਼ੂਪੁਰਾ ਮੋੜ 'ਤੇ ਨਵੀਂ ਫਰੂਟ ਤੇ ਸਬਜ਼ੀ ਮੰਡੀ ਦੇ ਨਜ਼ਦੀਕ ਸਥਿਤ ਜੈਨ ਆਚਾਰੀਆ ਆਤਮਾਨੰਦ (ਆਚਾਰੀਆ ਸ੍ਰੀ ਵਿਜੈਆਨੰਦ ਸੂਰੀ) ਦੀ ਸਮਾਧ ਵਿਖੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ (ਸ਼ਰਾਈਨਜ਼) ਸੈਫ਼ਉੱਲਾ ਖੋਖਰ ਦੇ ਨਿਰਦੇਸ਼ਾਂ 'ਤੇ ਜੈਨ ਸੰਤ ਦੀ 125ਵੀਂ ਬਰਸੀ ਮਨਾਈ ਗਈ। ਜੈਨ ਹੈਰੀਟੇਜ ਫਾਊਂਡੇਸ਼ਨ ਨਵੀਂ ਦਿੱਲੀ ਦੇ ਜਨਰਲ ਸਕੱਤਰ ਅਸ਼ਵਨੀ ਜੈਨ ਦੀ ਪਹਿਲਕਦਮੀ ਨਾਲ ਮਨਾਈ ਗਈ ਬਰਸੀ ਮੌਕੇ ਜੈਨ ਵਿਧੀ ਮੁਤਾਬਿਕ ਪ੍ਰਸ਼ਾਦ ਚੜ੍ਹਾਉਂਦੇ ਸਮੇਂ 11 ਦੀਵੇ ਅਤੇ ਧੂਪ ਜਗਾਈ ਗਈ ਅਤੇ ਹਾਰ, ਫੁੱਲ ਅਤੇ ਮਿਠਾਈਆਂ ਚੜ੍ਹਾਈਆਂ ਗਈਆਂ। ਇਸ ਮੌਕੇ 'ਤੇ ਧਾਰਮਿਕ ਰਸਮਾਂ ਨਿਭਾਉਣ ਲਈ ਈ. ਟੀ. ਪੀ. ਬੀ. ਅਧਿਕਾਰੀਆਂ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸੈਫ਼ਉੱਲਾ ਖੋਖਰ ਨੇ ਕਿਹਾ ਕਿ ਸਮਾਧੀ ਸਮਾਰਕ ਦੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਦੇ ਦੌਰਾਨ ਇਸ ਦੇ ਪੁਰਾਣੇ ਢਾਂਚੇ ਦੀ ਬਨਾਵਟ 'ਚ ਕੋਈ ਫੇਰਬਦਲ ਨਹੀਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੈਨ ਆਚਾਰੀਆ ਦੇ ਸਮਾਧੀ ਮੰਦਰ 'ਚੋਂ ਉਤਾਰ ਕੇ ਲਾਹੌਰ ਅਜਾਇਬ ਘਰ 'ਚ ਸਥਾਪਿਤ ਕੀਤੇ ਉਨ੍ਹਾਂ ਦੇ ਪੱਥਰ ਦੀ ਸਿਲ 'ਤੇ ਉੱਕਰੇ ਪਦ-ਚਿੰਨ੍ਹ ਵੀ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਉਕਤ ਸਮਾਧੀ ਸਮਾਰਕ ਦੇ ਅੰਦਰ ਸਾਲ 2017 ਤਕ ਪੁਲਿਸ ਥਾਣਾ ਸਬਜ਼ੀ ਮੰਡੀ ਮੌਜੂਦ ਸੀ।
ਪਾਕਿ ਸਥਿਤ ਆਚਾਰੀਆ ਆਤਮਾਨੰਦ ਦੀ ਸਮਾਧ 'ਤੇ ਬਰਸੀ ਮਨਾਈ
ਅਜੀਤ ਡੈਸਕ
04-06-2025