ਚੰਡੀਗੜ੍ਹ, 1 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਹੜ੍ਹਾਂ ਕਾਰਨ ਪੈਦਾ ਹੋਏ ਸੰਕਟਮਈ ਹਾਲਾਤਾਂ 'ਤੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸੂਬਾ ਸਰਕਾਰ ਨੂੰ ਘੇਰਿਆ ਹੈ | ਜਾਖੜ ਨੇ ਕਿਹਾ ਕਿ ਹੜ੍ਹ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ, ਪਰ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਜ਼ਿੰਮੇਵਾਰੀ ਲੈਣ ਦੀ ਬਜਾਏ ਅਫ਼ਸਰਾਂ 'ਤੇ ਸਾਰਾ ਦੋਸ਼ ਮੜ ਰਹੇ ਹਨ | ਇਹੀ ਅਫ਼ਸਰ ਇਸ ਸਰਕਾਰ ਨੇ ਖ਼ੁਦ ਹੀ ਤੈਨਾਤ ਕੀਤੇ ਹਨ, ਫ਼ਿਰ ਵੀ ਵਿਧਾਇਕ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਨੂੰ ਦੋਸ਼ੀ ਕਰਾਰ ਦੇ ਰਹੇ ਹਨ | ਸੁਨੀਲ ਜਾਖੜ ਨੇ ਵਿਰੋਧੀ ਧਿਰ ਕਾਂਗਰਸ 'ਤੇ ਵੀ ਹਮਲਾ ਬੋਲਦੇ ਹੋਏ ਕਿਹਾ ਕਿ ਉਹ ਵੀ ਸਰਕਾਰ ਨੂੰ ਸਿੱਧੇ ਸਵਾਲ ਕਰਨ ਦੀ ਬਜਾਏ ਸਿਰਫ਼ ਚਿੱਠੀਆਂ ਲਿਖਣ ਅਤੇ ਅਫ਼ਸਰਸ਼ਾਹੀ 'ਤੇ ਦੋਸ਼ ਲਾਉਣ ਤੱਕ ਸੀਮਿਤ ਹੈ | ਵਿਰੋਧੀ ਧਿਰ ਦਾ ਇਹ ਤਰੀਕਾ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਨੇ ਹਕੀਕਤ 'ਚ 'ਆਪ' ਸਰਕਾਰ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਲੋਕਾਂ ਦੀ ਅਸਲੀ ਲੜਾਈ ਲੜਨ ਦੀ ਥਾਂ ਉਹ ਵੀ ਸਰਕਾਰ ਦੀ ਬੋਲੀ ਬੋਲ ਰਹੀ ਹੈ | ਭਾਜਪਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਅਜਿਹੇ ਹਾਲਾਤਾਂ 'ਚ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਕਰਕੇ ਰਾਹਤ ਕਾਰਜ ਤੇ ਹੜ੍ਹ ਨਿਯੰਤਰਣ ਲਈ ਢੁਕਵੇਂ ਉਪਰਾਲੇ ਕੀਤੇ ਜਾਣ | ਜਾਖੜ ਨੇ ਕਿਹਾ ਇਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਵੀ ਜਲਦ ਪੰਜਾਬ ਦਾ ਦੌਰਾ ਕਰਨਗੇ |
ਪੰਜਾਬ 'ਚ ਸੰਕਟਮਈ ਹਾਲਾਤਾਂ ਲਈ ਅਫ਼ਸਰਾਂ 'ਤੇ ਦੋਸ਼ ਲਗਾਉਣ ਦੀ ਬਜਾਏ ਮੁੱਖ ਮੰਤਰੀ ਖ਼ੁਦ ਲੈਣ ਜ਼ਿੰਮੇਵਾਰੀ-ਸੁਨੀਲ ਜਾਖੜ <br/>
ਅਜੀਤ ਡੈਸਕ
02-09-2025