ਅੰਮਿ੍ਤਸਰ, 2 ਸਤੰਬਰ (ਜਸਵੰਤ ਸਿੰਘ ਜੱਸ)-ਪੰਜਾਬ 'ਚ ਭਿਆਨਕ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਜਾਨੀ-ਮਾਲੀ ਨੁਕਸਾਨ ਨੂੰ ਲੈ ਕੇ ਅੰਮਿ੍ਤਸਰ ਦੀ ਜੰਮਪਲ ਤੇ ਬਾਲੀਵੁੱਡ ਦੀ ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਦਾ ਦਰਦ ਛਲਕਿਆ ਹੈ | ਉਸ ਨੇ ਪੰਜਾਬ ਵਾਸੀਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ | ਜਾਰੀ ਕੀਤੀ ਇਕ ਵੀਡੀਓ 'ਚ ਭਾਰਤੀ ਸਿੰਘ ਨੇ ਬੇਹੱਦ ਉਦਾਸ ਮਨ ਨਾਲ ਕਿਹਾ ਕਿ ਜਦੋਂ ਵੀ ਪੰਜਾਬ ਬਾਰੇ ਸੋਚੀਦਾ ਤਾਂ ਸਾਨੂੰ ਹਰੇ ਭਰੇ ਸਰੋਂ ਦੇ ਖੇਤ ਤੇ ਸੋਨੇ ਵਰਗੀ ਮਿੱਟੀ ਨਜ਼ਰ ਆਉਂਦੀ ਹੈ ਪਰ ਅੱਜ ਜਦੋਂ ਵੀ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲ ਦੇਖੀਦੇ ਤਾਂ ਡੁੱਬਿਆ ਹੋਇਆ ਪੰਜਾਬ ਨਜ਼ਰ ਆ ਰਿਹਾ, ਜਿਸ ਨਾਲ ਦਿਲ ਬਹੁਤ ਦੁਖੀ ਹੁੰਦਾ | ਭਾਰਤੀ ਨੇ ਕਿਹਾ ਕਿ ਕਿਉਂਕਿ ਮੈਂ ਖੁਦ ਅੰਮਿ੍ਤਸਰ ਪੰਜਾਬ ਤੋਂ ਹਾਂ | ਆਏ ਦਿਨ ਆਪਣੇ ਅੰਮਿ੍ਤਸਰ ਰਹਿੰਦੇ ਪਰਿਵਾਰ ਨਾਲ ਸੰਪਰਕ ਕਰਕੇ ਪੁੱਛਦੀ ਰਹਿੰਦੀ ਹਾਂ ਕਿ ਪਾਣੀ ਘੱਟ ਹੋਇਆ ਜਾਂ ਬਾਰਿਸ਼ ਘੱਟ ਹੋਈ | ਉਸ ਨੇ ਕਿਹਾ ਕਿ ਅਜਨਾਲਾ, ਸੁਲਤਾਨਪੁਰ ਲੋਧੀ ਸਮੇਤ ਕਈ ਇਲਾਕੇ ਅਜੇ ਵੀ ਹੜ੍ਹਾਂ ਦੀ ਮਾਰ ਹੇਠ ਹਨ | ਭਾਰਤੀ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲ ਜੁਲ ਕੇ ਰਾਹਤ ਲਈ ਕੰਮ ਕਰ ਰਹੀ ਹੈ |
ਪੰਜਾਬ 'ਚ ਹੜ੍ਹਾਂ ਨਾਲ ਹੋਈ ਤਬਾਹੀ ਨੂੰ ਦੇਖ ਕੇ ਭਾਰਤੀ ਸਿੰਘ ਦਾ ਛਲਕਿਆ ਦਰਦ <br/>
ਅਜੀਤ ਡੈਸਕ
03-09-2025