ਚੰਡੀਗੜ੍ਹ, 6 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਪੰਜਾਬ 'ਚ ਗ਼ੈਰ-ਕਾਨੂੰਨੀ ਮਾਈਨਿੰਗ ਕਾਰਨ ਹੜ੍ਹ ਆਉਣ ਦੇ ਦਿੱਤੇ ਬਿਆਨ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਹਾ ਕਿ ਇਹ ਹੜ੍ਹ ਉਪਰਲੇ ਪਹਾੜੀ ਇਲਾਕਿਆਂ ਵਿਚ ਰਿਕਾਰਡ ਮੀਂਹ ਪੈਣ ਕਾਰਨ ਦਰਿਆਵਾਂ ਵਿਚ ਪਾਣੀ ਦੇ ਤੇਜ਼ ਹੋਏ ਵਹਾਅ ਕਰਕੇ ਆਏ ਹਨ, ਨਾ ਕਿ ਮਾਈਨਿੰਗ ਗਤੀਵਿਧੀਆਂ ਕਰਕੇ | ਗੋਇਲ ਨੇ ਕੇਂਦਰੀ ਮੰਤਰੀ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਗੁੰਮਰਾਹਕੁੰਨ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਇਸ ਸਾਲ ਰਾਵੀ ਦਰਿਆ ਵਿਚ 14.11 ਲੱਖ ਕਿਊਸਿਕ ਪਾਣੀ ਆਇਆ, ਜੋ ਸਾਲ 1988 ਵਿਚ ਦਰਜ ਕੀਤੇ ਗਏ 11.2 ਲੱਖ ਕਿਊਸਿਕ ਪਾਣੀ ਤੋਂ ਕਿਤੇ ਵੱਧ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਸਰਕਾਰ ਵਲੋਂ 200 ਕਰੋੜ ਰੁਪਏ ਤੋਂ ਵੱਧ ਲਾਗਤ ਨਾਲ ਬੰਨ੍ਹਾਂ ਦੀ ਮਜ਼ਬੂਤੀ ਕਰਨ ਨਾਲ ਇਹ ਯਕੀਨੀ ਬਣਾਇਆ ਕਿ ਬੰਨ੍ਹਾਂ ਨੇ ਪਾਣੀ ਦੇ ਤੇਜ਼ ਦਬਾਅ ਦਾ ਪੂਰੀ ਤਰ੍ਹਾਂ ਸਾਹਮਣਾ ਕੀਤਾ ਅਤੇ ਬਿਆਸ ਦਰਿਆ 'ਤੇ ਵਿਭਾਗ ਦੇ ਬਣਾਏ ਬੰਨ੍ਹਾਂ 'ਚ ਕੋਈ ਪਾੜ ਨਹੀਂ ਪਿਆ | ਕੇਂਦਰੀ ਮੰਤਰੀ ਦੇ ਬਿਆਨ ਨੂੰ ਤਰਕਹੀਣ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਫ਼ੌਜ ਤੇ ਬੀ.ਐਸ.ਐਫ. ਦੀਆਂ ਪਾਬੰਦੀਆਂ ਕਾਰਨ ਕੌਮਾਂਤਰੀ ਸਰਹੱਦ ਤੋਂ ਪੰਜ ਕਿਲੋਮੀਟਰ ਦੇ ਅੰਦਰ ਮਾਈਨਿੰਗ ਗਤੀਵਿਧੀਆਂ 'ਤੇ ਪਾਬੰਦੀ ਕਰਕੇ ਰਾਵੀ ਦਰਿਆ ਵਿਚ ਮਾਈਨਿੰਗ ਨਹੀਂ ਕੀਤੀ ਜਾ ਸਕਦੀ | ਇਸੇ ਤਰ੍ਹਾਂ ਬਿਆਸ ਦਰਿਆ ਨੂੰ ਪਹਿਲਾਂ ਹੀ 'ਸੁਰੱਖਿਅਤ ਖੇਤਰ' ਐਲਾਨਿਆ ਗਿਆ ਹੈ, ਜਿਥੇ ਮਾਈਨਿੰਗ ਦੀ ਮਨਾਹੀ ਹੈ | ਉਨ੍ਹਾਂ ਕਿਹਾ ਕਿ ਘੱਗਰ ਦਰਿਆ ਵਿਚ ਕੋਈ ਮਾਈਨਿੰਗ ਗਤੀਵਿਧੀ ਨਹੀਂ ਹੋ ਰਹੀ ਅਤੇ ਸਤਲੁਜ ਵਿਚ ਸਿਰਫ਼ ਪ੍ਰਵਾਨਿਤ ਮਾਈਨਿੰਗ ਯੋਜਨਾਵਾਂ ਅਤੇ ਰਾਜ ਵਾਤਾਵਰਨ ਪ੍ਰਭਾਵ ਮੁਲਾਂਕਣ ਅਥਾਰਟੀ (ਐਸ. ਈ. ਆਈ. ਏ. ਏ.) ਤੋਂ ਵਾਤਾਵਰਨ ਪ੍ਰਵਾਨਗੀ ਉਪਰੰਤ ਹੀ ਮਾਈਨਿੰਗ ਦੀ ਇਜਾਜ਼ਤ ਲਈ ਗਈ ਹੈ |
ਚੌਹਾਨ ਵਲੋਂ ਹੜ੍ਹਾਂ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਜੋੜਨ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ-ਗੋਇਲ <br/>
ਅਜੀਤ ਡੈਸਕ
07-09-2025