ਵਿਧਾਇਕ ਦੀ ਪਤਨੀ ਨੇ 5 ਦਿਨਾਂ ਤੋਂ ਸਰਕਾਰੀ ਕੋਠੀ 'ਚ ਨਜ਼ਰਬੰਦ ਕਰਨ ਦੇ ਲਗਾਏ ਦੋਸ਼
<br/>
ਪਟਿਆਲਾ, 6 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪੰਜ ਦਿਨਾਂ ਤੋਂ ਵਿਧਾਇਕ ਪਠਾਣਮਾਜਰਾ ਦੀ ਸਰਕਾਰੀ ਰਿਹਾਇਸ਼ 'ਤੇ ਨਜ਼ਰਬੰਦ ਵਿਧਾਇਕ ਦੀ ਪਤਨੀ ਸਿਮਰਨਜੀਤ ਕੌਰ ਨੇ ਪੁਲਿਸ 'ਤੇ ਮਾਨਸਿਕ ਤੌਰ 'ਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ | ਸਿਮਰਨਜੀਤ ਕੌਰ ਪਠਾਣਮਾਜਰਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਇਕ ਵਿਧਾਇਕ ਦੀ ਪਤਨੀ 'ਤੇ ਇੰਨਾ ਤਸ਼ੱਦਦ ਕਰ ਰਹੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ? ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਲੁਧਿਆਣਾ ਅਤੇ ਪਟਿਆਲਾ ਦੇ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ | ਇਸ ਸੰਬੰਧੀ ਪੁਲਿਸ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਘਰ ਤੋਂ ਬਾਹਰ ਦਵਾਈ ਲੈਣ ਲਈ ਨਹੀਂ ਜਾਣ ਦਿੱਤਾ ਜਾ ਰਿਹਾ | ਇਸ ਤੋਂ ਇਲਾਵਾ ਉਨ੍ਹਾਂ ਦੇ ਪੀ.ਏ., ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਅਤੇ ਸ਼ੂਗਰ ਦੇ ਮਰੀਜ ਹਨ, ਉਨ੍ਹਾਂ ਨੂੰ ਵੀ ਪੁਲਿਸ ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇੰਜ ਹੀ ਉਨ੍ਹਾਂ ਦੇ ਘਰ ਦੇ ਲਾਂਗਰੀ ਦਾ ਮੋਢਾ ਉਤਰ ਗਿਆ ਹੈ, ਉਸ ਨੂੰ ਵੀ ਇਲਾਜ ਕਰਵਾਉਣ ਲਈ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ | ਸਿਮਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਹਰ ਇਕ ਲੋੜਵੰਦ ਵਿਅਕਤੀ ਨਾਲ ਉਹ ਖੜੇ ਹਨ ਪ੍ਰੰਤੂ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇੰਨਾ ਧੱਕਾ ਕਿਉਂ ਕੀਤਾ ਜਾ ਰਿਹਾ ਹੈ? ਉਹ ਤਾਂ ਪਿਛਲੇ ਪੰਜ ਦਿਨਾਂ ਤੋਂ ਘਰ ਵਿਚ ਹੀ ਨਜ਼ਰਬੰਦ ਹਨ ਤਾਂ ਸਾਨੂੰ ਕੀ ਪਤਾ ਕਿ ਪਠਾਣਮਾਜਰਾ ਕਿਥੇ ਹੈ? ਇਸ ਦੇ ਬਾਵਜੂਦ ਵੀ ਪੰਜਾਬ ਦਾ ਪੁਲਿਸ ਦਾ ਇਕ ਐਸ.ਐਚ.ਓ. ਉਨ੍ਹਾਂ ਨੂੰ ਧਮਕਾ ਰਿਹਾ ਅਤੇ ਉਨ੍ਹਾਂ ਨੂੰ ਫੋਨ ਦੀ ਵਰਤੋਂ ਨਹੀਂ ਕਰਨ ਦਿੱਤੀ ਜਾ ਰਹੀ ਅਤੇ ਉਨ੍ਹਾਂ ਦੇ ਸ਼ੁੱਭਚਿੰਤਕਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ | ਪਿਛਲੇ ਦਿਨੀਂ ਸੰਤ ਬਾਬਾ ਭੂਰੀ ਵਾਲੇ ਉਨ੍ਹਾਂ ਨੂੰ ਮਿਲਣ ਆਏ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਦੋ ਘੰਟੇ ਬਾਹਰ ਗੱਡੀ ਵਿਚ ਬਿਠਾਈ ਰੱਖਿਆ ਅਤੇ ਪੁਲਿਸ ਵਾਲੇ ਉਪਰੋਂ ਆਗਿਆ ਲੈਂਦੇ ਰਹੇ | ਇਹ ਪੰਜਾਬ ਸਰਕਾਰ ਦੀ ਕਿਹੋ ਜਿਹੀ ਕਾਰਵਾਈ ਹੈ, ਜਿਹੜੀ ਕਿ ਮਹਾਂਪੁਰਸ਼ਾਂ ਨੂੰ ਵੀ ਘਰ ਨਹੀਂ ਆਉਣ ਦਿੱਤਾ ਜਾ ਰਿਹਾ | ਸਿਮਰਨਜੀਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਏ.ਡੀ.ਜੀ.ਪੀ. ਗੌਰਵ ਯਾਦਵ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਧਾਇਕ ਦੇ ਪਰਿਵਾਰ 'ਤੇ ਪੰਜਾਬ ਪੁਲਿਸ ਵਲੋਂ ਕੀਤਾ ਜਾ ਰਿਹਾ ਤਸ਼ੱਦਦ ਰੋਕਣ |
ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਪੰਜਾਬ ਪੁਲਿਸ ਹੋਵੇਗੀ ਜ਼ਿੰਮੇਵਾਰ
ਸਿਮਰਨਜੀਤ ਕੌਰ ਨੇ ਕਿਹਾ ਕਿ ਜੇਕਰ ਪੁਲਿਸ ਦੇ ਇਸ ਤਸ਼ੱਦਦ ਦੌਰਾਨ ਉਨ੍ਹਾਂ ਦੀ ਸਿਹਤ ਵਿਗੜਦੀ ਜਾਂ ਉਨ੍ਹਾਂ ਨੂੰ ਕੁਝ ਵੀ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਦੀ ਹੋਵੇਗੀ | ਪੁਲਿਸ ਉਨ੍ਹਾਂ ਦੇ ਪਰਿਵਾਰ 'ਤੇ ਝੂਠੇ ਪਰਚੇ ਪਹਿਲਾਂ ਦਰਜ ਕਰ ਚੁਕੀ ਪਰ ਸੂਬਾ ਸਰਕਾਰ ਹੁਣ ਇਨਸਾਨੀਅਤ ਦੇ ਨਾਤੇ ਪੁਲਿਸ ਨੂੰ ਵਿਧਾਇਕ ਦੇ ਪਰਿਵਾਰ 'ਤੇ ਤਸ਼ੱਦਦ ਨਾ ਕਰੇ¢
ਵਿਧਾਇਕ ਦੀ ਪਤਨੀ ਨਾਲ ਪੰਜਾਬ 'ਚ ਤਸ਼ੱਦਦ ਹੋ ਰਿਹਾ ਤਾਂ ਆਮ ਲੋਕਾਂ ਕੀ ਹਾਲ ਹੋਵੇਗਾ-ਸਿਮਰਨਜੀਤ ਕੌਰ
ਅਜੀਤ ਡੈਸਕ
07-09-2025