ਹੁਸ਼ਿਆਰਪੁਰ, 6 ਸਤੰਬਰ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਹੁਸ਼ਿਆਰਪੁਰ -ਚਿੰਤਪੁਰਨੀ ਰੋਡ 'ਤੇ ਮੰਗੂਵਾਲ ਨਜ਼ਦੀਕ ਇਕ ਐਂਬੂਲੈਂਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 3 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 2 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਮਰਨ ਵਾਲਿਆਂ 'ਚ ਸਹੁਰਾ ਤੇ ਉਸ ਦੇ ਦੋ ਜਵਾਈ ਸ਼ਾਮਿਲ ਹਨ | ਜਾਣਕਾਰੀ ਅਨੁਸਾਰ ਡਾ. ਰਾਜੇਂਦਰ ਪ੍ਰਸਾਦ ਮੈਡੀਕਲ ਕਾਲਜ ਤੇ ਹਸਪਤਾਲ ਟਾਂਡਾ (ਹਿਮਾਚਲ ਪ੍ਰਦੇਸ਼) ਤੋਂ ਦਿਲ ਦੇ ਮਰੀਜ਼ ਉਂਕਾਰ ਚੰਦ ਪੁੱਤਰ ਪਰਮਾ ਨੰਦ ਵਾਸੀ ਗੰਗਤ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੂੰ ਉਸ ਦੀ ਲੜਕੀ ਰੇਨੂੰ ਬਾਲਾ ਤੇ ਜਵਾਈ ਰਾਕੇਸ਼ ਕਪੂਰ ਪੁੱਤਰ ਪ੍ਰਕਾਸ਼ ਕਪੂਰ ਵਾਸੀ ਨੂਰਪੁਰ ਤੇ ਸੰਜੀਵ ਕੁਮਾਰ ਪੁੱਤਰ ਸੰਤ ਰਾਮ ਵਾਸੀ ਮਠਿਆਰ ਜ਼ਿਲ੍ਹਾ ਕਾਂਗੜਾ ਇਕ ਪ੍ਰਾਈਵੇਟ ਐਂਬੂਲੈਂਸ ਨੰ. ਐਚ.ਪੀ.94 ਬੀ-3613 'ਚ ਡੀ.ਐਮ.ਸੀ. ਲੁਧਿਆਣਾ ਨੂੰ ਲੈ ਕੇ ਜਾ ਰਹੇ ਸਨ | ਇਸੇ ਦੌਰਾਨ ਜਦੋਂ ਐਂਬੂਲੈਂਸ ਹੁਸ਼ਿਆਰਪੁਰ-ਚਿੰਤਪੁਰਨੀ ਰੋਡ 'ਤੇ ਮੰਗੂਵਾਲ ਨਜ਼ਦੀਕ ਪਹੁੰਚੀ ਤਾਂ ਮੀਂਹ ਕਾਰਨ ਨੁਕਸਾਨੀ ਗਈ ਸੜਕ 'ਤੇ ਬਚਾਅ ਲਈ ਰੱਖੇ ਬੈਰੀਗੇਟਾਂ ਨਾਲ ਟਕਰਾਉਣ ਉਪਰੰਤ ਐਂਬੂਲੈਂਸ ਡੂੰਘੀ ਖੱਡ ਜਾ ਡਿੱਗੀ | ਹਾਦਸੇ ਉਪਰੰਤ ਉਥੇ ਮੌਜੂਦ ਲੋਕਾਂ ਅਤੇ ਮੰਗੂਵਾਲ ਨਾਕੇ 'ਤੇ ਖੜ੍ਹੇ ਪੁਲਿਸ ਕਰਮਚਾਰੀਆਂ ਨੇ ਐਂਬੂਲੈਂਸ 'ਚ ਸਵਾਰ 5 ਵਿਅਕਤੀਆਂ 'ਚੋਂ ਰੇਨੂੰ ਬਾਲਾ ਅਤੇ ਐਂਬੂਲੈਂਸ ਚਾਲਕ ਬੌਬੀ ਚੌਹਾਨ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਬਾਹਰ ਕੱਢ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਦਕਿ ਮਰੀਜ਼ ਉਂਕਾਰ ਚੰਦ (84), ਸੰਜੀਵ ਕੁਮਾਰ (55) ਤੇ ਰਾਕੇਸ਼ ਕਪੂਰ (50) ਦੀ ਮੌਕੇ 'ਤੇ ਹੀ ਮੌਤ ਹੋ ਗਈ | ਘਟਨਾ ਦਾ ਪਤਾ ਲਗਦਿਆਂ ਹੀ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੇ ਜਾਣ ਦਾ ਭਰੋਸਾ ਦਿੱਤਾ |
ਹੁਸ਼ਿਆਰਪੁਰ-ਚਿੰਤਪੁਰਨੀ ਰੋਡ 'ਤੇ ਮੰਗੂਵਾਲ ਨਜ਼ਦੀਕ ਐਂਬੂਲੈਂਸ ਖੱਡ 'ਚ ਡਿਗੀ-3 ਮੌਤਾਂ <br/>
ਅਜੀਤ ਡੈਸਕ
07-09-2025