ਅੰਮਿ੍ਤਸਰ-ਦਿਲਜੀਤ ਸਿੰਘ ਬੇਦੀ ਅਜੋਕੇ ਸਮਿਆਂ ਦੇ ਨਾਮਵਰ ਸਿੱਖ ਚਿੰਤਕ ਅਤੇ ਪ੍ਰਮੁੱਖ ਸਾਹਿਤਕਾਰ ਸਨ | ਠਰੰਮੇ ਤੇ ਸਹਿਜਤਾ ਨਾਲ ਜ਼ਿੰਦਗੀ ਜਿਉਣ ਵਾਲੇ ਦਿਲਜੀਤ ਸਿੰਘ ਬੇਦੀ ਦਾ ਜਨਮ, ਸਿੱਖ ਜਗਤ ਅਤੇ ਸਾਹਿਤਕ ਹਲਕਿਆਂ ਦੀ ਚਰਚਿਤ ਸ਼ਖਸੀਅਤ ਬੇਦੀ ਲਾਲ ਸਿੰਘ ਸਾਹਿਤਕਾਰ ਦੇ ਗ੍ਰਹਿ ਵਿਖੇ 31 ਦਸੰਬਰ, 1960 ਨੂੰ ਨਰਾਇਣਗੜ੍ਹ (ਅੰਮਿ੍ਤਸਰ) ਵਿਖੇ ਹੋਇਆ | ਉਨ੍ਹਾਂ ਨੂੰ ਸਾਹਿਤ ਦੀ ਚੇਟਕ ਆਪਣੇ ਪਰਿਵਾਰ ਵਿਚੋਂ ਪਿਤਾ ਅਤੇ ਭਰਾ ਡਾ. ਹਰਚੰਦ ਸਿੰਘ ਬੇਦੀ ਦੀ ਸਾਹਿਤਕ ਛਤਰ ਛਾਇਆ ਹੇਠ ਲੱਗੀ | ਗ੍ਰੈਜੂਏਸ਼ਨ ਤੱਕ ਦੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਪੱਤਰਕਾਰੀ ਦੇ ਖੇਤਰ 'ਚ ਵੀ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਅਤੇ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾਕਟਰ ਸਾਧੂ ਸਿੰਘ ਹਮਦਰਦ ਉਨ੍ਹਾਂ ਦੇ ਪੱਤਰਕਾਰੀ ਖੇਤਰ ਵਿਚ ਹਮੇਸ਼ਾ ਪ੍ਰੇਰਣਾ ਸਰੋਤ ਰਹੇ | ਉਨ੍ਹਾਂ ਵਲੋਂ ਪੁਸਤਕਾਂ ਦੇ ਕੀਤੇ ਗਏ ਰਿਵਿਊ ਅਕਸਰ 'ਅਜੀਤ' ਵਿਚ ਛਪਦੇ ਰਹਿੰਦੇ ਸਨ | ਦਿਲਜੀਤ ਸਿੰਘ ਬੇਦੀ ਨੇ ਕਰੀਬ 38 ਸਾਲ ਸ਼੍ਰੋਮਣੀ ਕਮੇਟੀ ਵਿਚ ਵੱਖ-ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ, ਜਿਸ ਦੌਰਾਨ ਉਨ੍ਹਾਂ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ 'ਗੁਰਦੁਆਰਾ ਗਜਟ' ਮੈਗਜ਼ੀਨ ਦੀ ਦਿੱਖ ਤੇ ਮਿਆਰ ਨੂੰ ਸੰਵਾਰਨ ਲਈ ਲਗਾਇਆ | ਬੇਦੀ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਦੇ ਇੰਚਾਰਜ ਅਤੇ ਬੁਲਾਰੇ ਵਜੋਂ ਅਹਿਮ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਜੋਂ ਸੇਵਾ ਮੁਕਤ ਹੋਏ | ਉਪਰੰਤ ਆਪ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵਲੋਂ ਬੁੱਢਾ ਦਲ ਦਾ ਸਕੱਤਰ ਨਿਯੁਕਤ ਕੀਤਾ ਗਿਆ | ਦਲਜੀਤ ਸਿੰਘ ਬੇਦੀ ਨੇ ਬਹੁਤ ਸਾਰੀਆਂ ਧਾਰਮਿਕ ਅਤੇ ਸਾਹਿਤਕ ਪੁਸਤਕਾਂ ਵੀ ਸਾਹਿਤ ਜਗਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਬਾਬਾ ਸ਼ਾਮ ਸਿੰਘ, ਸਿੱਖੀ ਦੀ ਟਕਸਾਲ, ਗੁਰਦੁਆਰਾ ਕੋਸ਼, ਜਥੇਦਾਰ ਤੇਜਾ ਸਿੰਘ ਅਕਰਪੁਰੀ ਅਦਬੀ ਮੁਲਾਕਾਤ ਸੋਚ ਦਾ ਵਾਰਸ ਵਿਰਾਸਤ ਖਾਲਸਾ ਪੰਥ ਬੁੱਢਾ ਦਲ ਪੰਜਵਾਂ ਤਖ਼ਤ ਪੁਸਤਕਾਂ ਸ਼ਾਮਿਲ ਹਨ | ਉਨ੍ਹਾਂ ਨੇ ਦਰਜ਼ਨਾਂ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ, ਜਿਨ੍ਹਾਂ ਵਿਚ ਮਹਾਨ ਸਿੱਖ ਸ਼ਖਸੀਅਤਾਂ ਅਤੇ ਸੰਸਥਾਵਾਂ ਬਾਰੇ ਲਿਖੀਆਂ ਮੁੱਲਵਾਨ ਪੁਸਤਕਾਂ ਵੀ ਸ਼ਾਮਿਲ ਹਨ | ਆਪ ਬੀਤੇ ਦਿਨੀ ਸੰਖੇਪ ਜਿਹੀ ਬਿਮਾਰੀ ਉਪਰੰਤ ਹਮੇਸ਼ਾ ਲਈ ਅਲਵਿਦਾ ਆਖ ਗਏ | ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਨੁਸਾਰ ਦਿਲਜੀਤ ਸਿੰਘ ਬੇਦੀ ਨਮਿਤ ਅਖੰਡ ਪਾਠ ਦੇ ਭੋਗ ਉਪਰੰਤ ਸ਼ਬਦ ਕੀਰਤਨ ਤੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 8 ਸਤੰਬਰ ਨੂੰ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਜਿਹੜੇ ਚੌਕ ਘਿਓ ਮੰਡੀ, ਅੰਮਿ੍ਤਸਰ ਵਿਖੇ ਦੁਪਹਿਰ 12 ਤੋਂ 2 ਵਜੇ ਦੌਰਾਨ ਹੋਵੇਗਾ |
¸ਜਸਵੰਤ ਸਿੰਘ ਜੱਸ
ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ ਨਾਮਵਰ ਸਿੱਖ ਚਿੰਤਕ ਤੇ ਸਾਹਿਤਕਾਰ ਦਿਲਜੀਤ ਸਿੰਘ ਬੇਦੀ <br/>
ਅਜੀਤ ਡੈਸਕ
08-09-2025