ਅੰਮਿ੍ਤਸਰ, 7 ਸਤੰਬਰ (ਸੁਰਿੰਦਰ ਕੋਛੜ)-ਪੰਜਾਬ 'ਚ ਆਏ ਹੜ੍ਹਾਂ ਅਤੇ ਲਗਾਤਾਰ ਪੈ ਰਹੇ ਮੀਂਹਾਂ ਨੇ ਜਿਥੇ ਹਜ਼ਾਰਾਂ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ, ਉਨ੍ਹਾਂ ਦੇ ਘਰ-ਕਾਰੋਬਾਰ ਅਤੇ ਖੇਤ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਹਨ, ਉਥੇ ਹੀ ਇਸ ਨਾਲ ਜਾਨਵਰਾਂ, ਪਸ਼ੂਆਂ ਅਤੇ ਚੂਚਿਆਂ ਤੇ ਮੁਰਗ਼ੀਆਂ ਆਦਿ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ | ਖ਼ਾਸ ਕਰਕੇ ਅਜਨਾਲਾ, ਰਾਮਦਾਸ, ਤਰਨ ਤਾਰਨ ਅਤੇ ਅੰਮਿ੍ਤਸਰ ਦੇ ਪਿੰਡਾਂ 'ਚ ਹੜ੍ਹ ਦੇ ਪਾਣੀ ਨੇ ਦਰਜਨਾਂ ਪੋਲਟਰੀ ਫਾਰਮਾਂ ਅਤੇ ਹਜ਼ਾਰਾਂ ਚੂਚਿਆਂ ਤੇ ਮੁਰਗ਼ੀਆਂ ਨੂੰ ਖ਼ਤਮ ਕਰ ਦਿੱਤਾ ਹੈ | 'ਅਜੀਤ' ਵਲੋਂ ਇਸ ਬਾਰੇ 'ਚ ਅੰਮਿ੍ਤਸਰ ਪੋਲਟਰੀ ਇੰਡਸਟਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਯੋਗੇਸ਼ ਸ਼ਰਮਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮਾਂ 'ਚ ਮੀਂਹ ਅਤੇ ਹੜ੍ਹਾਂ ਦਾ ਪਾਣੀ ਬਹੁਤ ਜ਼ਿਆਦਾ ਭਰ ਜਾਣ ਕਰਕੇ ਹਜ਼ਾਰਾਂ ਚੂਚਿਆਂ ਦੀ ਮੌਤ ਹੋ ਗਈ | ਇਸ ਕਾਰਨ ਕਾਰੋਬਾਰੀਆਂ ਦਾ ਬਹੁਤ ਭਾਰੀ ਵਿੱਤੀ ਨੁਕਸਾਨ ਹੋਇਆ ਹੈ | ਕਾਰੋਬਾਰੀਆਂ ਨੂੰ ਇਨ੍ਹਾਂ ਹਾਲਾਤਾਂ 'ਚ ਪੋਲਟਰੀ ਕਾਰੋਬਾਰ ਦਾ ਮੁੜ ਲੀਹ 'ਤੇ ਆਉਣਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੁਦਰਤੀ ਆਫ਼ਤ ਕਾਰਨ ਮਰਨ ਵਾਲੇ ਚੂਚਿਆਂ ਅਤੇ ਮੁਰਗ਼ੀਆਂ ਲਈ ਮੁਆਵਜ਼ਾ ਦੇਣਾ ਚਾਹੀਦਾ ਹੈ | ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਕਈ ਜਗ੍ਹਾ 'ਤੇ ਭਾਰੀ ਮੀਂਹ ਕਾਰਨ ਪੋਲਟਰੀ ਸ਼ੈੱਡਾਂ ਦੀਆਂ ਛੱਤਾਂ ਢਹਿ ਜਾਣ ਕਰਕੇ ਵੀ ਹਜ਼ਾਰਾਂ ਚੂਚੇ ਮਾਰੇ ਗਏ ਹਨ | ਉਨ੍ਹਾਂ ਕਿਹਾ ਕਿ ਪੋਲਟਰੀ ਫਾਰਮਾਂ 'ਚ ਅਚਾਨਕ ਪਾਣੀ ਭਰ ਜਾਣ ਤੋਂ ਬਾਅਦ ਕਈ ਕੋਸ਼ਿਸ਼ਾਂ ਦੇ ਬਾਵਜੂਦ ਮੁਰਗ਼ੀਆਂ ਅਤੇ ਚੂਚਿਆਂ ਨੂੰ ਬਚਾਉਣਾ ਸੰਭਵ ਨਹੀਂ ਸੀ | ਇਸ ਤੋਂ ਇਲਾਵਾ ਆਂਡੇ ਅਤੇ ਪੋਲਟਰੀ ਭੰਡਾਰ ਵੀ ਨਸ਼ਟ ਹੋ ਗਿਆ ਹੈ, ਜਿਸ ਨਾਲ ਛੋਟੇ ਕਾਰੋਬਾਰੀਆਂ ਦੀ ਆਮਦਨ ਪ੍ਰਭਾਵਿਤ ਹੋਈ | ਇਸ ਤੋਂ ਇਲਾਵਾ ਪੋਲਟਰੀ ਫਾਰਮਾਂ 'ਚ ਖੜ੍ਹੇ ਪਾਣੀ ਅਤੇ ਮਰੇ ਚੂਚਿਆਂ ਕਾਰਨ ਆਉਣ ਵਾਲੇ ਦਿਨਾਂ 'ਚ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ |
ਹੜ੍ਹਾਂ ਤੇ ਮੀਂਹਾਂ ਨੇ ਸੂਬੇ ਦੇ ਪੋਲਟਰੀ ਉਦਯੋਗ ਨੂੰ ਲਗਾਈ ਵੱਡੀ ਢਾਹ <br/>
ਅਜੀਤ ਡੈਸਕ
08-09-2025