ਸਰੂਪਾਂ ਨੂੰ ਇਸ ਤਰ੍ਹਾਂ ਲਿਜਾਣਾ ਚੋਰੀ ਤੇ ਬੇਅਦਬੀ-ਸੰਗਤਾਂ
<br/>
ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪਾਰਕ ਐਵੇਨਿਊ ਵਿਖੇ ਮੰਦਭਾਗੀ ਘਟਨਾ ਵਾਪਰੀ ਜਦੋਂ ਅੱਜ ਸਵੇਰੇ ਇਕ ਵਿਅਕਤੀ ਅਚਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 7 ਸਰੂਪ ਬਰਮਿੰਘਮ ਲੈ ਗਏ, ਜਿਸ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ | ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਇਹ ਸ਼ਪਸ਼ਟ ਨਹੀਂ ਹੋ ਸਕਿਆ ਕਿ ਪੁਲਿਸ ਇਸ ਮਾਮਲੇ ਨੂੰ ਚੋਰੀ ਦੇ ਮਾਮਲੇ ਵਜੋਂ ਜਾਂ ਬੇਅਦਬੀ ਦੇ ਮਾਮਲੇ ਵਜੋਂ ਵੇਖ ਰਹੀ ਹੈ | ਗੁਰਦੁਆਰਾ ਸਾਹਿਬ ਵਲੋਂ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਕ ਪੁਰਾਣਾ ਸੇਵਾਦਾਰ ਗੁਰਦੁਆਰਾ ਕਮੇਟੀ ਜਾਂ ਗ੍ਰੰਥੀਆਂ ਦੀ ਇਜਾਜ਼ਤ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਤ ਸਰੂਪ ਗੁਰਦੁਆਰੇ ਤੋਂ ਪਾਲਕੀ ਵੈਨ ਰਾਹੀਂ ਬਰਮਿੰਘਮ 'ਚ ਸਤਿਕਾਰ ਕਮੇਟੀ ਕੋਲ ਲੈ ਗਿਆ | ਹੁਣ ਉਨ੍ਹਾਂ ਸਰੂਪਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ | ਪ੍ਰਬੰਧਕਾਂ ਨੇ ਇਸ ਨੂੰ ਚੋਣਾਂ ਦਾ ਮੁੱਦਾ ਹੋਣ ਦੀ ਸ਼ੰਕਾ ਵੀ ਜ਼ਾਹਰ ਕੀਤੀ ਹੈ, ਜਿਸ ਨਾਲ ਇਹ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ | ਦੂਜੇ ਪਾਸੇ, ਸਭਾ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਮੱਲੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਅਤੇ ਚਿੰਤਾਜਨਕ ਘਟਨਾ ਹੈ | ਇਕ ਹੋਰ ਸੇਵਾਦਾਰ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਸਭਾ ਦੇ ਪ੍ਰਬੰਧਕਾਂ ਨੇ ਸੁਰੱਖਿਆ ਦੀ ਘਾਟ ਜਾਂ ਲਾਪਰਵਾਹੀ ਵਾਲੀ ਗਲਤੀ ਨੂੰ ਮੰਨਣ ਦੀ ਬਜਾਏ ਚੋਣ ਮੁੱਦੇ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਹੈ | ਸਭਾ ਦੇ ਸਾਬਕਾ ਗ੍ਰੰਥੀ ਭਾਈ ਬਲਵਿੰਦਰ ਸਿੰਘ ਪੱਟੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਸੀ.ਸੀ.ਟੀ.ਵੀ. ਵੀਡੀਓ ਜਨਤਕ ਕੀਤੀ ਜਾਣ ਦੀ ਮੰਗ ਕੀਤੀ | ਇਸ ਘਟਨਾ ਨੂੰ ਲੈ ਕੇ ਆਮ ਸੰਗਤ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕੁਝ ਸੰਗਤਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘਟਨਾ 'ਚ ਹੋ ਸਕਦਾ ਕਿਸੇ ਵੀ ਧਿਰ ਦੀ ਸ਼ਮੂਲੀਅਤ ਨਾ ਹੋਵੇ ਪਰ ਸਰੂਪ ਲਿਜਾਣ ਵਾਲੇ ਇਕ ਵਿਅਕਤੀ ਦੀ ਗਲਤੀ ਨੂੰ ਬੇਲੋੜਾ ਹੁਣ ਚੋਣ ਮੁੱਦਾ ਬਣਾਇਆ ਜਾ ਰਿਹਾ ਹੈ |
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚੋਂ 7 ਸਰੂਪ ਬਿਨਾਂ ਦੱਸੇ ਬਰਮਿੰਘਮ ਲਿਜਾਏ ਗਏ
ਅਜੀਤ ਡੈਸਕ
24-09-2025