ਐੱਸ. ਏ. ਐੱਸ. ਨਗਰ, 20 ਅਗਸਤ (ਕਪਿਲ ਵਧਵਾ)-ਏਅਰੋਸਿਟੀ ਬਲਾਕ-ਏ ਵਿਚ ਨਿਰਮਾਣ ਅਧੀਨ ਇਕ ਨਿੱਜੀ ਹਸਪਤਾਲ ਦੀ ਇਮਾਰਤ ਦੀ ਬੇਸਮੈਂਟ ਵਿਚ ਕੰਮ ਦੌਰਾਨ ਅਚਾਨਕ ਮਿੱਟੀ ਖਿਸਕਣ ਕਾਰਨ ਕਈ ਮਜ਼ਦੂਰ ਮਿੱਟੀ ਹੇਠਾਂ ਦੱਬ ਗਏ। ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਦੇਰ ਸ਼ਾਮ ਬੇਸਮੈਂਟ ਵਿਚ ਇਕ ਪਾਸੇ ਦੀ ਕੰਧ ਦੀ ਸਟਰਿੰਗ ਕਰਨ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਅਚਾਨਕ ਭਾਰੀ ਮਾਤਰਾ ਵਿਚ ਮਿੱਟੀ ਖਿਸਕ ਗਈ, ਜਿਸ ਦੀ ਲਪੇਟ ਵਿਚ ਆ ਕੇ ਉਥੇ ਕੰਮ ਕਰ ਰਹੇ ਕਈ ਮਜ਼ਦੂਰ ਦੱਬ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਕ੍ਰੇਨ ਦੀ ਸਹਾਇਤਾ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਮਿੱਟੀ ਹੇਠੋਂ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋ ਨੂੰ ਮ੍ਰਿਤਕ ਐਲਾਨ ਦਿੱਤਾ। ਤੀਜੇ ਮਜ਼ਦੂਰ ਦਾ ਇਲਾਜ ਜਾਰੀ ਹੈ ਅਤੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਏਅਰੋਸਿਟੀ ਬਲਾਕ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਹਸਪਤਾਲ ਦੀ ਬੇਸਮੈਂਟ ਦਾ ਕੰਮ ਕਰੀਬ ਇਕ ਮਹੀਨੇ ਤੋਂ ਚੱਲ ਰਿਹਾ ਸੀ ਅਤੇ ਬੇਸਮੈਂਟ ਦੀਆਂ ਸਾਈਡਾਂ ਪੂਰੀ ਤਰ੍ਹਾਂ ਪੁੱਟੀਆਂ ਗਈਆਂ ਸਨ। ਹਾਦਸੇ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਜਿਸ ਕਿਸੇ ਦੀ ਲਾਪਰਵਾਹੀ ਸਾਹਮਣੇ ਆਈ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।