ਅੰਮਿ੍ਤਸਰ, 24 ਸਤੰਬਰ (ਜਸਵੰਤ ਸਿੰਘ ਜੱਸ)-ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 'ਚਾਂਦੀ ਦਾ ਯਾਦਗਾਰੀ' ਸਿੱਕਾ ਤਿਆਰ ਕੀਤਾ ਗਿਆ ਹੈ | ਸੰਗਤਾਂ ਲਈ ਜਾਰੀ ਕੀਤੇ ਗਏ 10 ਗ੍ਰਾਮ ਚਾਂਦੀ ਦੇ ਇਸ ਯਾਦਗਾਰੀ ਸਿੱਕੇ ਦੇ ਇੱਕ ਪਾਸੇ ਨੌਵੇਂ ਗੁਰੂ ਸਾਹਿਬ ਦੀ ਤਸਵੀਰ ਹੈ, ਜਦੋਂਕਿ ਦੂਜੇ ਪਾਸੇ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਤਸਵੀਰ ਉਕਰੀ ਹੋਈ ਹੈ | ਤਖ਼ਤ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਥੇ ਤਖ਼ਤ ਸਾਹਿਬ ਵਲੋਂ ਅਰੰਭ ਕੀਤੀ ਗਈ 'ਸ਼ਹੀਦੀ ਜਾਗਿ੍ਤੀ ਯਾਤਰਾ' ਦਾ ਹਰ ਧਰਮ ਅਤੇ ਜਾਤੀ ਦੇ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਕਮੇਟੀ ਵਲੋਂ ਤਿਆਰ ਕੀਤੇ ਗਏ ਇਸ ਯਾਦਗਾਰੀ ਸਿੱਕੇ ਨੂੰ ਸੰਗਤਾਂ 2000 ਰੁਪਏ ਦੀ ਭੇਟਾ ਦੇ ਕੇ ਯਾਤਰਾ ਦੌਰਾਨ ਵੀ ਪਾਲਕੀ ਸਾਹਿਬ ਵਾਲੀ ਬੱਸ ਵਿਚੋਂ ਪ੍ਰਾਪਤ ਕਰ ਸਕਦੀਆਂ ਹਨ | ਪ੍ਰਧਾਨ ਸੋਹੀ ਨੇ ਦੱਸਿਆ ਕਿ ਤਖ਼ਤ ਸਾਹਿਬ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਬੁਲਾਰੇ ਹਰਪਾਲ ਸਿੰਘ ਜੌਹਲ, ਮੈਨੇਜਰ ਹਰਜੀਤ ਸਿੰਘ ਅਤੇ ਨਾਰਾਇਣ ਸਿੰਘ ਯਾਤਰਾ ਦੇ ਨਾਲ ਚੱਲ ਰਹੇ ਹਨ ਅਤੇ ਸੰਗਤਾਂ ਦਾ ਮਾਰਗ ਦਰਸ਼ਨ ਕਰ ਰਹੇ ਹਨ | ਤਖ਼ਤ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਦਲੀਪ ਸਿੰਘ ਵਲੋਂ ਪਾਲਕੀ ਸਾਹਿਬ ਨਾਲ ਸੇਵਾ ਨਿਭਾਈ ਜਾ ਰਹੀ ਹੈ | ਉਨ੍ਹਾਂ ਤਖ਼ਤ ਸਾਹਿਬ ਕਮੇਟੀ ਦੀ ਟੀਮ, ਖਾਸ ਕਰਕੇ ਜਸਬੀਰ ਸਿੰਘ ਧਾਮ, ਮਨਵਿੰਦਰ ਸਿੰਘ ਬੇਣੀਪਾਲ ਅਤੇ ਸਟਾਫ ਦਾ ਧੰਨਵਾਦ ਕੀਤਾ |
ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸ਼ਹੀਦੀ ਸ਼ਤਾਬਦੀ ਸੰਬੰਧੀ ਚਾਂਦੀ ਦਾ ਯਾਦਗਾਰੀ ਸਿੱਕਾ ਜਾਰੀ
ਅਜੀਤ ਡੈਸਕ
25-09-2025