ਚੰਡੀਗੜ੍ਹ 24 ਸਤੰਬਰ (ਵਿਕਰਮਜੀਤ ਸਿੰਘ ਮਾਨ)-ਸਾਬਕਾ ਰਾਜ ਸਭਾ ਮੈਂਬਰ ਤੇ ਸੀਨੀਅਰ ਕਾਂਗਰਸੀ ਨੇਤਾ ਸ਼ਮਸ਼ੇਰ ਸਿੰਘ ਦੂਲੋਂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਦਾਅਵਾ ਹੈ ਕਿ ਆਫ਼ਤ ਪ੍ਰਬੰਧਨ ਫ਼ੰਡ ਤਹਿਤ ਪੰਜਾਬ ਨੂੰ 12 ਹਜ਼ਾਰ ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ, ਜਦਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੀ ਇਸ ਫ਼ੰਡ ਨੂੰ ਲੈ ਕੇ ਵੱਖੋ-ਵੱਖਰੀ ਪ੍ਰਤੀਕਿਰਿਆ ਸਾਹਮਣੇ ਆਈ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਆਉਂਦੇ ਇਜਲਾਸ 'ਚ ਪੰਜਾਬ ਸਰਕਾਰ ਇਸ ਫ਼ੰਡ ਸੰਬੰਧੀ ਸਥਿਤੀ ਸਪਸ਼ਟ ਕਰਨ ਲਈ ਸਫ਼ੇਦ ਪੱਤਰ ਜਾਰੀ ਕਰੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਪਿਛਲੀਆਂ ਸਰਕਾਰਾਂ ਨੂੰ ਇਹ ਫ਼ੰਡ ਵਰਤਣਾ ਨਹੀਂ ਆਇਆ ਅਤੇ ਜੇਕਰ ਕਿਸੇ ਪਿਛਲੀ ਸਰਕਾਰ ਨੇ ਨਾ ਫ਼ੰਡਾਂ ਦੀ ਦੁਰਵਰਤੋਂ ਕਰੀ ਹੈ ਤਾਂ ਉਸ ਸੰਬੰਧੀ ਜਾਣਕਾਰੀ ਵੀ ਜਨਤਕ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਜੇਕਰ ਪਿਛਲੀਆਂ ਸਰਕਾਰਾਂ ਨੂੰ ਇਸ ਫ਼ੰਡ ਦੀ ਵਰਤੋਂ ਕਰਨੀ ਨਹੀਂ ਆਉਂਦੀ ਸੀ ਤਾਂ ਹੁਣ ਉਹ ਇਸ ਫ਼ੰਡ ਦੀ ਸਹੀ ਵਰਤੋਂ ਕਰਕੇ ਲੋਕਾਂ ਦੇ ਹੋਏ ਨੁਕਸਾਨ ਨੂੰ ਭਰਨ ਦਾ ਕੰਮ ਕਰਨ ਅਤੇ ਹੜ੍ਹ ਪੀੜਤਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ |