ਚੰਡੀਗੜ੍ਹ, 25 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਬਰ ਜਨਾਹ ਦੇ ਇਕ ਮਾਮਲੇ 'ਚ ਮੁਲਜ਼ਮ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ | ਅਦਾਲਤ ਨੇ ਕਿਹਾ ਕਿ ਪੀੜਤ ਦੀ ਗਵਾਹੀ 'ਚ ਗੰਭੀਰ ਖ਼ਾਮੀਆਂ ਤੇ ਵਿਰੋਧਾਭਾਸ ਸਨ ਅਤੇ ਬਚਾਅ ਪੱਖ ਇਹ ਸਾਬਤ ਕਰਨ 'ਚ ਸਫ਼ਲ ਰਿਹਾ ਕਿ ਉਸ ਨੂੰ ਝੂਠਾ ਫ਼ਸਾਇਆ ਜਾ ਰਿਹਾ ਹੈ | ਜਸਟਿਸ ਮੰਜਰੀ ਨਹਿਰੂ ਕੌਲ ਅਤੇ ਐਚ.ਐਸ. ਗਰੇਵਾਲ ਦੇ ਬੈਂਚ ਨੇ ਕਿਹਾ ਅਸੀਂ ਸੰਤੁਸ਼ਟ ਹਾਂ ਕਿ ਇਸਤਗਾਸਾ ਪੱਖ ਦੋਸ਼ੀ ਵਿਰੁੱਧ ਦੋਸ਼ਾਂ ਨੂੰ ਵਾਜਬ ਸ਼ੱਕ ਤੋਂ ਪਰੇ ਸਾਬਤ ਕਰਨ 'ਚ ਅਸਫ਼ਲ ਰਿਹਾ ਹੈ | ਪੀੜਤ ਦੀ ਗਵਾਹੀ 'ਚ ਗੰਭੀਰ ਖ਼ਾਮੀਆਂ ਹਨ, ਡਾਕਟਰੀ ਸਬੂਤ ਦੋਸ਼ੀ ਨਾਲ ਸੰਬੰਧ ਸਾਬਤ ਨਹੀਂ ਕਰਦੇ ਹਨ ਅਤੇ ਬਚਾਅ ਪੱਖ ਨੇ ਝੂਠੇ ਫ਼ਸਾਉਣ ਦਾ ਇਕ ਮਜ਼ਬੂਤ ਕੇਸ ਪੇਸ਼ ਕੀਤਾ ਹੈ | ਪੀੜਤ ਵਲੋਂ ਬਠਿੰਡਾ ਵਿਸ਼ੇਸ਼ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੰਦੇ ਹੋਏ ਅਪੀਲ ਦਾਇਰ ਕੀਤੀ ਗਈ ਸੀ, ਜਿਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 376 ਦੇ ਤਹਿਤ ਦਰਜ ਇੱਕ ਮਾਮਲੇ ਵਿਚ ਮੁਲਜ਼ਮ ਨੂੰ ਬਰੀ ਕਰ ਦਿੱਤਾ ਸੀ | ਹਾਈ ਕੋਰਟ ਨੇ ਕਿਹਾ ਕਿ ਜਿਨਸ਼ੀ ਹਮਲੇ ਦੇ ਮਾਮਲਿਆਂ ਵਿਚ ਜੇਕਰ ਪੀੜਤ ਦੀ ਗਵਾਹੀ ਭਰੋਸੇਯੋਗ ਹੈ ਤਾਂ ਉਸ ਦੀ ਗਵਾਹੀ ਹੀ ਦੋਸ਼ੀ ਠਹਿਰਾਉਣ ਲਈ ਕਾਫ਼ੀ ਹੈ | ਹਾਲਾਂਕਿ, ਜੇਕਰ ਗਵਾਹੀ ਵਿਰੋਧਾਭਾਸਾਂ ਨਾਲ ਭਰੀ ਹੋਈ ਹੈ, ਕੁਦਰਤੀ ਆਚਰਨ ਦੀ ਘਾਟ ਹੈ ਜਾਂ ਡਾਕਟਰੀ ਅਤੇ ਹੋਰ ਸਬੂਤਾਂ ਨਾਲ ਮੇਲ ਨਹੀਂ ਖਾਂਦੀ ਹੈ ਤਾਂ ਦੋਸ਼ੀ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ |