ਚੰਡੀਗੜ੍ਹ, 25 ਸਤੰਬਰ (ਪ੍ਰੋ. ਅਵਤਾਰ ਸਿੰਘ)-ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਮਾਮਲਿਆਂ 'ਚ ਇਨਸਾਫ਼ ਦਿਵਾਉਣ ਦੀ ਪ੍ਰਕਿ੍ਆ ਵਿਚ ਪੰਜਾਬ ਸਰਕਾਰ ਦੀ ਨਾਮਜ਼ਦ ਦੋਸ਼ੀਆਂ ਨਾਲ ਸਾਜ਼ਿਸ਼ਤਾਨਾ ਮਿਲੀ ਭੁਗਤ 'ਤੇ ਵੱਡੇ ਸਵਾਲ ਕਰਦੇ ਹੋਏ ਇਸ ਨੂੰ ਸਿੱਖ ਕੌਮ ਨਾਲ ਭਾਵਨਾਤਮਕ ਧੋਖਾ ਕਰਾਰ ਦਿੱਤਾ ਹੈ | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਠਿੰਡਾ, ਫ਼ਰੀਦਕੋਟ, ਮੋਗਾ ਦੇ ਬੇਅਦਬੀ ਕੇਸਾਂ ਨੂੰ ਚੰਡੀਗੜ੍ਹ ਤਬਾਦਲੇ ਦਾ ਆਦੇਸ਼ ਦਿੱਤਾ ਸੀ ਪਰ ਹੈਰਾਨੀ ਇਹ ਹੈ ਕਿ ਇਨ੍ਹਾਂ ਕੇਸਾਂ ਵਿਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਹੀ ਨਹੀਂ ਕੀਤੀ, ਜਿਸ ਤੋਂ ਸਪੱਸ਼ਟ ਹੈ ਕਿ ਇਹ ਸਿੱਧੇ ਤੌਰ 'ਤੇ ਬੇਅਦਬੀ ਕੇਸਾਂ ਵਿਚ ਨਾਮਜ਼ਦ ਡੇਰਾ ਮੁਖੀ ਤੇ ਬਾਕੀ ਦੋਸ਼ੀਆਂ ਦੀ ਖੁੱਲ੍ਹੇਆਮ ਮਦਦ ਕਰਨਾ ਹੈ | ਬੇਅਦਬੀ ਕੇਸਾਂ ਨੂੰ ਚੰਡੀਗੜ੍ਹ ਤਬਦੀਲ ਕਰਨ ਵੇਲੇ ਇਹ ਤਰਕ ਦਿੱਤਾ ਗਿਆ ਸੀ ਕਿ ਟਰਾਇਲ ਲਈ ਪੰਜਾਬ 'ਚ ਮਾਹੌਲ ਅਨੁਕੂਲ ਨਹੀਂ ਹੈ | ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਹ ਤਰਕ ਦੇਣ ਵਾਲੇ ਡੇਰਾ ਪ੍ਰੇਮੀ ਪੰਜਾਬ ਵਿਚ ਖੁੱਲ੍ਹੇਆਮ ਪ੍ਰੋਗਰਾਮ ਕਰ ਰਹੇ ਹਨ ਪਰ ਅਦਾਲਤ ਵਿਚ ਕਹਿ ਰਹੇ ਹਨ ਕਿ ਟਰਾਇਲ ਲਈ ਪੰਜਾਬ 'ਚ ਮਾਹੌਲ ਅਨੁਕੂਲ ਨਹੀਂ ਹੈ | ਅਦਾਲਤ ਵਿਚ ਚੁੱਪ ਰਹਿ ਕੇ ਪੰਜਾਬ ਸਰਕਾਰ ਡੇਰਾ ਪ੍ਰੇਮੀਆਂ ਦੀ ਗੱਲ ਵਿਚ ਪੂਰੀ ਸਹਿਮਤੀ ਜਤਾ ਰਹੀ ਹੈ |
ਬੇਅਦਬੀ ਕੇਸਾਂ 'ਚ ਪੰਜਾਬ ਸਰਕਾਰ ਸਾਫ਼ ਤੌਰ 'ਤੇ ਨਾਮਜ਼ਦ ਦੋਸ਼ੀਆਂ ਵੱਲ ਭੁਗਤਦੀ ਨਜ਼ਰ ਆ ਰਹੀ-ਗਿਆਨੀ ਹਰਪ੍ਰੀਤ ਸਿੰਘ <br/>
ਅਜੀਤ ਡੈਸਕ
26-09-2025