ਬਚਾਅ ਪੱਖ ਦੇ ਵਕੀਲ ਨੇ ਥਾਣਾ ਮੁਖੀ 'ਤੇ ਲਗਾਏ ਤਸ਼ੱਦਦ ਦੇ ਦੋਸ਼, ਥਾਣਾ ਮੁਖੀ ਨੇ ਦੋਸ਼ ਨਕਾਰੇ
<br/>
ਬਠਿੰਡਾ, 25 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਸ਼ੋਸ਼ਲ ਮੀਡੀਆ 'ਤੇ ਮਸ਼ਹੂਰ ਰਹੀ ਕੰਚਨ ਕੁਮਾਰੀ ਉਰਫ਼ ਕਮਲ ਭਾਬੀ ਦੀ ਹੱਤਿਆ ਮਾਮਲੇ 'ਚ ਕੇਂਦਰੀ ਜੇਲ੍ਹ ਬਠਿੰਡਾ 'ਚ ਬੰਦ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਬਠਿੰਡਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਦੌਰਾਨ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਉਕਤ ਨੂੰ ਅਦਾਲਤ 'ਚ ਪੇਸ਼ੀ 'ਤੇ ਲਿਆਉਣ ਵਾਲੇ ਥਾਣਾ ਕੈਂਟ ਦੇ ਮੁੱਖ ਅਧਿਕਾਰੀ 'ਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ, ਜਦਕਿ ਥਾਣਾ ਮੁਖੀ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਸਾਰੀ ਕਾਰਵਾਈ ਕਾਨੰੂਨ ਅਨੁਸਾਰ ਕੀਤੀ ਹੋਣ ਦਾ ਦਾਅਵਾ ਕੀਤਾ | ਥਾਣਾ ਕੈਂਟ ਦੇ ਮੁੱਖ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕਿ ਕੰਚਨ ਕੁਮਾਰੀ ਹੱਤਿਆਕਾਂਡ 'ਚ ਬਠਿੰਡਾ ਜੇਲ੍ਹ 'ਚ ਬੰਦ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਦਾ ਬੀਤੇ 6 ਸਤੰਬਰ ਨੂੰ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਦੀਆਂ ਅੱਜ ਉਨ੍ਹਾਂ ਨੂੰ ਕਾਪੀਆਂ ਸੌਂਪਣ ਲਈ ਦੋਵਾਂ ਨੂੰ ਹੁਕਮਾਂ ਅਨੁਸਾਰ ਅਦਾਲਤ 'ਚ ਪੇਸ਼ ਕੀਤਾ ਗਿਆ | ਇਸ ਦੌਰਾਨ ਦੋਵਾਂ ਵਲੋਂ ਖਾਰਾ ਨੂੰ ਆਪਣਾ ਵਕੀਲ ਮੰਨਣ ਤੋਂ ਇਨਕਾਰ ਕਰਨ ਦਾ ਵੀ ਮਾਮਲਾ ਸਾਹਮਣੇ ਆਇਆ ਹੈ, ਜਿਸ ਸੰਬੰਧੀ ਵਕੀਲ ਖਾਰਾ ਨੇ ਥਾਣਾ ਕੈਂਟ ਮੁਖੀ 'ਤੇ ਦੋਸ਼ ਲਗਾਏ ਗਏ ਕਿ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਅਜਿਹਾ ਕਹਿਣ ਲਈ ਪੁਲਿਸ ਨੇ ਉਨ੍ਹਾਂ 'ਤੇ ਜਬਰ ਢਾਹ ਕੇ ਮਜਬੂਰ ਕੀਤਾ ਹੈ ਤਾਂ ਜੋ ਕੇਸ ਦੀ ਕਾਨੰੂਨੀ ਕਾਰਵਾਈ ਨੂੰ ਪ੍ਰਭਾਵਿਤ ਕੀਤਾ ਜਾ ਸਕੇ | ਵਕੀਲ ਖਾਰਾ ਨੇ ਕਿਹਾ ਕਿ ਇਸ ਦਾ ਮੁੱਖ ਕਾਰਨ ਹੈ ਕਿ ਪੁਲਿਸ ਵਲੋਂ ਉਕਤ ਸੰਬੰਧੀ ਅਦਾਲਤ 'ਚ ਅਧੂਰਾ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਦੋਵਾਂ ਦੀ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਸੀ ਪਰ ਇਸ ਗੱਲ ਤੋਂ ਘਬਰਾਈ ਪੁਲਿਸ ਨੇ ਜਸਪ੍ਰੀਤ ਤੇ ਨਿਮਰਤਜੀਤ ਨੂੰ ਜੇਲ੍ਹ 'ਚ ਹੀ ਡੱਕ ਕੇ ਰੱਖਣ ਲਈ ਅਜਿਹਾ ਕੀਤਾ ਪਰ ਉਹ ਦੋਵਾਂ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਅਤੇ ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਸੁਪਰੀਮ ਕੋਰਟ ਤੱਕ ਜਾਣਗੇ | ਇਸ ਮੌਕੇ ਮੌਜੂਦ ਇਸ ਹੱਤਿਆਕਾਂਡ 'ਚ ਮੁਖ ਤੌਰ 'ਤੇ ਨਾਮਜ਼ਦ ਅੰਮਿ੍ਤਪਾਲ ਸਿੰਘ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਅਤੇ ਨਿਮਰਤਜੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਹੀ ਹਨ ਤੇ ਪੁਲਿਸ ਉਨ੍ਹਾਂ ਦੇ ਬੱਚਿਆਂ 'ਤੇ ਦਬਾਅ ਬਣਾ ਰਹੀ ਹੈ |
ਬਠਿੰਡਾ ਜੇਲ੍ਹ 'ਚ ਬੰਦ ਕੰਚਨ ਕੁਮਾਰੀ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਅਦਾਲਤ 'ਚ ਕੀਤਾ ਪੇਸ਼
ਅਜੀਤ ਡੈਸਕ
26-09-2025