02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਾਰਤੀ ਕਪਾਹ ਨਿਗਮ ਕੋਲ ਰਜਿਸਟ੍ਰੇਸ਼ਨ ਕੀਤੇ ਬਿਨਾਂ ਕਿਸਾਨ ਨਿਗਮ ਨੂੰ ਨਹੀਂ ਵੇਚ ਸਕਣਗੇ ਨਰਮਾ

Ad Position 21
No active advertisement
ਅਜੀਤ ਡੈਸਕ 26-09-2025

30 ਸਤੰਬਰ ਤੱਕ ਹੈ 'ਕਪਾਸ ਕਿਸਾਨ ਐਪ' ਦੀ ਮਿਆਦ, 1 ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰੇਗਾ ਨਿਗਮ
<br/>
ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 25 ਸਤੰਬਰ-ਭਾਰਤ ਸਰਕਾਰ ਵਲੋਂ ਦੇਸ਼ ਅੰਦਰ ਨਰਮੇ (ਕਪਾਹ) ਦੀ ਖ਼ਰੀਦਦਾਰੀ 'ਚ ਪਾਰਦਰਸ਼ਤਾ ਲਿਆਉਣ ਅਤੇ ਇਸ ਦਾ ਸਿੱਧਾ ਲਾਭ ਕਿਸਾਨਾਂ ਤੱਕ ਪਹੁੰਚਾਉਣ ਲਈ ਇਸ ਵਾਰ 'ਕਪਾਸ ਕਿਸਾਨ ਐਪ' ਨੂੰ ਹੋਂਦ 'ਚ ਲਿਆਂਦਾ ਗਿਆ ਹੈ ਅਤੇ ਇਸ ਦੀ ਸਮੁੱਚੀ ਦੇਖ-ਰੇਖ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਵਲੋਂ ਕੀਤੀ ਜਾ ਰਹੀ ਹੈ, ਜਿਸ ਤਹਿਤ ਨਿਗਮ ਨੂੰ ਆਪਣਾ ਨਰਮਾ ਵੇਚਣ ਦੇ ਚਾਹਵਾਨ ਕਿਸਾਨਾਂ ਨੂੰ ਇਸ ਵਾਰ ਉਕਤ ਐਪ 'ਤੇ ਆਪਣੀ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੋਵੇਗੀ | ਉਸ ਤੋਂ ਬਾਅਦ ਹੀ ਕਿਸਾਨ ਆਪਣਾ ਨਰਮਾ ਨਿਗਮ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਵੇਚ ਸਕਣਗੇ, ਜਦਕਿ ਪਹਿਲਾਂ ਇਹ ਰਜਿਸਟ੍ਰੇਸ਼ਨ ਲਾਜ਼ਮੀ ਨਹੀਂ ਸੀ | ਇਹ ਐਪ ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਵਲੋਂ ਬੀਤੇ 2 ਸਤੰਬਰ ਨੂੰ ਲਾਂਚ ਕੀਤਾ ਗਿਆ ਹੈ, ਜਿਸ ਦੀ ਮਿਆਦ 30 ਸਤੰਬਰ ਤੱਕ ਹੈ ਪਰ ਜ਼ਿਆਦਾਤਰ ਕਿਸਾਨ ਮੋਬਾਈਲ 'ਤੇ ਐਪ ਦੀ ਵਰਤੋਂ ਕਰਨ ਦੇ ਮਾਹਿਰ ਨਾ ਹੋਣ ਕਰਕੇ ਉਨ੍ਹਾਂ ਲਈ ਇਹ ਰਜਿਸਟ੍ਰੇਸ਼ਨ ਪਹਾੜ ਬਣੀ ਹੋਈ ਅਤੇ ਇਸ ਲਈ ਲੋੜੀਂਦੇ ਕਾਗਜਾਤਾਂ ਨੂੰ ਮੁਹੱਈਆ ਕਰਵਾਉਣਾ ਉਹ ਵੱਡੀ ਔਾਕੜ ਮੰਨ ਰਹੇ ਹਨ | ਜਾਣਕਾਰੀ ਅਨੁਸਾਰ 'ਕਪਾਸ ਕਿਸਾਨ ਐਪ' ਉਤੇ ਆਪਣੀ ਰਜਿਸਟੇ੍ਰਸ਼ਨ ਕਰਨ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੀ ਜਮਾਂਬੰਦੀ, ਨਰਮੇ ਦੀ ਬਿਜਾਂਦ ਵਾਲੇ ਰਕਬੇ ਦੀ ਗਿਰਦਾਵਰੀ, ਆਧਾਰ ਕਾਰਡ, ਬੈਂਕ ਖਾਤਾ ਤੇ ਆਪਣੀ ਤਸਵੀਰ ਅੱਪਲੋਡ ਕਰਨੀ ਲਾਜ਼ਮੀ ਹੈ, ਜਿਸ ਤੋਂ ਬਾਅਦ ਨਿਗਮ ਸੰਬੰਧਿਤ ਅਧਿਕਾਰੀ ਤੋਂ ਪੜਤਾਲ ਕਰਵਾਏਗਾ ਅਤੇ ਸਹੀ ਪਾਏ ਜਾਣ ਬਾਅਦ ਸੰਬੰਧਿਤ ਕਿਸਾਨ ਦੇ ਨਰਮੇ ਦੀ ਖ਼ਰੀਦ ਦਾ ਰਾਹ ਪੱਧਰਾ ਹੋਵੇਗਾ ਅਤੇ ਉਸ ਤੋਂ ਬਾਅਦ ਨਰਮੇ ਦੀ ਗੁਣਵੱਤਾ ਅਨੁਸਾਰ ਉਸ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 'ਤੇ ਨਿਗਮ ਖ਼ਰੀਦ ਕਰੇਗਾ | ਭਾਰਤ ਸਰਕਾਰ ਵਲੋਂ ਨਰਮੇ ਦਾ ਇਸ ਵਾਰ ਘੱਟੋ-ਘੱਟ ਸਮਰਥਨ ਮੁੱਲ 7860 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਜਦਕਿ ਨਮੀਂ ਦੀ ਮਾਤਰਾ 8 ਤੋਂ ਲੈ ਕੇ 12 ਫ਼ੀਸਦੀ ਤੱਕ ਰੱਖੀ ਗਈ ਹੈ | ਇਸ ਵਿਚਕਾਰ ਆਉਣ ਵਾਲੀ ਨਮੀਂ ਦੇ ਅਨੁਸਾਰ ਪ੍ਰਤੀ ਕੁਇੰਟਲ ਦਾ ਭਾਅ ਦਿੱਤਾ ਜਾਵੇਗਾ, ਜਦਕਿ ਨਿਗਮ ਵਲੋਂ ਦੇਸ ਭਰ 'ਚ 1 ਅਕਤੂਬਰ ਤੋਂ ਨਰਮੇ ਦੀ ਖ਼ਰੀਦ ਸ਼ੁਰੂ ਕੀਤੀ ਜਾਵੇਗੀ | ਇਸ ਵਾਰ ਨਿਗਮ ਨੇ ਕਿਸਾਨਾਂ ਤੋਂ 40 ਕੁਇੰਟਲ ਰੋਜ਼ਾਨਾ ਨਰਮਾ ਵੇਚਣ ਦੀ ਸ਼ਰਤ ਹਟਾਉਂਦਿਆਂ ਇਸ ਦਾ ਘੇਰਾ 12 ਕੁਇੰਟਲ ਪ੍ਰਤੀ ਏਕੜ ਕਰ ਦਿੱਤਾ ਹੈ ਅਤੇ ਕੋਈ ਵੀ ਕਿਸਾਨ ਉਕਤ ਐਪ 'ਤੇ ਜਿੰਨੇ ਨਰਮਾ ਬਿਜਾਈ ਵਾਲੇ ਰਕਬੇ ਦੀ ਰਜਿਸਟ੍ਰੇਸ਼ਨ ਕਰੇਗਾ, ਉਸ ਅਨੁਸਾਰ ਬੇਸ਼ੱਕ ਸਾਰਾ ਨਰਮਾ ਇਕੋ ਦਿਨ ਅੰਦਰ ਨਿਗਮ ਨੂੰ ਵੇਚ ਸਕਦਾ ਹੈ | ਹੁਣ ਤੱਕ ਪੰਜਾਬ ਅੰਦਰ 700 ਕਿਸਾਨ ਆਪਣੀ ਰਜਿਸਟ੍ਰੇਸ਼ਨ ਕਰ ਚੁੱਕੇ ਹਨ | ਉੱਧਰ, ਪਿਛਲੇ ਕਾਫੀ ਦਿਨਾਂ ਤੋਂ ਅਨਾਜ ਮੰਡੀਆਂ 'ਚ ਨਰਮੇ ਦੀ ਆਮਦ ਸ਼ੁਰੂ ਹੋ ਚੁਕੀ ਹੈ ਪਰ ਅਜੇ ਤੱਕ ਭਾਰਤੀ ਕਪਾਹ ਨਿਗਮ ਦੀ ਖ਼ਰੀਦ ਸ਼ੁਰੂ ਨਾ ਹੋਣ ਕਰਕੇ ਨਿੱਜੀ ਵਪਾਰੀਆਂ ਵਲੋਂ ਨਰਮੇ ਦੀ ਘੱਟੋ-ਘੱਟ ਸਮਰਥਨ ਮੁੱਲ ਤੋਂ ਕਾਫੀ ਹੇਠਲੇ ਪੱਧਰ 'ਤੇ ਖ਼ਰੀਦ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮੋਟਾ ਨੁਕਸਾਨ ਝੱਲਣਾ ਪੈ ਰਿਹਾ ਹੈ | ਹੁਣ ਤੱਕ ਸੂਬੇ ਦੀਆਂ ਦਾਣਾ ਮੰਡੀਆਂ 'ਚ 11,218 ਕੁਇੰਟਲ ਨਰਮੇ ਦੀ ਆਮਦ ਹੋਈ ਹੈ, ਜਿਸ ਨੂੰ ਨਿੱਜੀ ਵਪਾਰੀਆਂ ਵਲੋਂ ਘੱਟ ਤੋਂ ਘੱਟ 4900 ਰੁਪਏ ਪ੍ਰਤੀ ਕੁਇੰਟਲ ਅਤੇ ਵੱਧ ਤੋਂ ਵੱਧ 6700 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਖ਼ਰੀਦ ਕੀਤਾ ਗਿਆ ਹੈ | ਪੰਜਾਬ ਅੰਦਰ ਨਰਮੇ ਦੀ ਬਿਜਾਂਦ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਪਿਛਲੀ ਸਾਲਾਂ ਨਾਲੋਂ ਕੁਝ ਰਕਬਾ ਵਧਿਆ ਹੈ ਅਤੇ ਖੇਤੀਬਾੜੀ ਵਿਭਾਗ ਅਨੁਸਾਰ ਸੂਬੇ 'ਚ ਇਸ ਵਰ੍ਹੇ 1.19 ਲੱਖ ਹੈਕਟੇਅਰ ਰਕਬੇ 'ਚ ਨਰਮੇ ਦੀ ਬਿਜਾਂਦ ਹੋਈ ਹੈ ਅਤੇ ਦਾਣਾ ਮੰਡੀਆਂ 'ਚ ਨਰਮੇ ਦੀ 280 ਲੱਖ ਗੱਠ ਆਉਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਵਰ੍ਹੇ ਇਹ ਅੰਕੜਾ ਬਹੁਤ ਹੀ ਘੱਟ ਰਿਹਾ ਸੀ ਪਰ ਹੁਣ ਨਰਮੇ ਦੀ ਬਿਜਾਂਦ ਵਾਲਾ 12,100 ਹੈਕਟੇਅਰ ਰਕਬਾ ਹੜ੍ਹਾਂ ਦੀ ਮਾਰ ਹੇਠਾਂ ਆਉਣ ਕਰਕੇ ਗੱਠਾਂ ਦੀ ਆਮਦ ਦਾ ਉਕਤ ਅੰਕੜਾ ਪ੍ਰਭਾਵਿਤ ਹੋਵੇਗਾ | ਪਿਛਲੇ ਵਰ੍ਹੇ ਭਾਰਤੀ ਕਪਾਹ ਨਿਗਮ ਨੇ ਸੂਬੇ 'ਚ ਨਰਮੇ ਦੀ ਸਿਰਫ਼ 1700 ਗੱਠ ਦੀ ਖ਼ਰੀਦ ਕੀਤੀ ਸੀ ਅਤੇ ਹੁਣ ਉਕਤ ਐਪ 'ਤੇ ਰਜਿਸਟ੍ਰੇਸ਼ਨ ਨੂੰ ਸਮੱਸਿਆ ਮੰਨ ਰਹੇ ਕਿਸਾਨਾਂ ਕਰਕੇ ਨਿਗਮ ਦੀ ਖ਼ਰੀਦ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ |

Ad Position 22
No active advertisement
ਪਿਛਲੀ ਖ਼ਬਰ ਆਟੋ ਚਾਲਕ 'ਤੇ ਮਾਂ-ਪੁੱਤ ਨੇ ਢਾਹਿਆ ਅਣਮਨੁੱਖੀ ਤਸ਼ੱਦਦ ਮਾਮਲਾ ਦਰਜ, ਪੀੜਤ ਹਸਪਤਾਲ 'ਚ ਭਰਤੀ <br/> ਅਗਲੀ ਖ਼ਬਰ ਬਠਿੰਡਾ ਜੇਲ੍ਹ 'ਚ ਬੰਦ ਕੰਚਨ ਕੁਮਾਰੀ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਅਦਾਲਤ 'ਚ ਕੀਤਾ ਪੇਸ਼
Ad Position 24