ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚ ਇਕ ਵਿਅਕਤੀ ਦੇ ਨਾਲ ਅਣਮਨੁੱਖੀ ਤਸ਼ੱਦਦ ਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਕ ਮਹਿਲਾ ਅਤੇ ਉਸ ਦੇ ਪੁੱਤ 'ਤੇ ਤਸ਼ੱਦਦ ਢਾਉਣ ਦੇ ਦੋਸ਼ ਲੱਗੇ ਹਨ | ਪੀੜਤ ਦੇ ਦੋਸ਼ ਹਨ ਕਿ ਮਹਿਲਾ ਨੇ ਆਪਣੇ ਪੁੱਤ ਦੇ ਨਾਲ ਮਿਲ ਕੇ ਉਸ ਦੇ ਗੁਪਤ ਅੰਗ ਵਿਚ ਧੱਕੇ ਨਾਲ ਲੱਕੜ ਦਾ ਬਣਿਆ ਵੇਲਣਾ ਪਾ ਦਿੱਤਾ, ਜਿਸ ਤੋਂ ਬਾਅਦ ਪੀੜਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਉਥੇ ਹੀ ਇਸ ਮਾਮਲੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਹ ਘਿਣਾਉਣੀ ਹਰਕਤ ਕਰਦੀ ਔਰਤ ਦਿਖਾਈ ਦੇ ਰਹੀ ਹੈ, ਜਦੋਂਕਿ ਇਕ ਵਿਅਕਤੀ ਇਸ ਦੀ ਵੀਡੀਓ ਬਣਾ ਰਿਹਾ ਹੈ | ਹਸਪਤਾਲ 'ਚ ਦਾਖ਼ਲ ਪੀੜਤ ਨੇ ਦੱਸਿਆ ਕਿ ਔਰਤ ਵਲੋਂ ਪੈਸਿਆਂ ਲਈ ਇਹ ਹਰਕਤ ਕੀਤੀ ਗਈ ਅਤੇ ਉਸ 'ਤੇ ਤਸ਼ੱਦਦ ਢਾਇਆ ਗਿਆ | ਉਸ ਨੇ ਦੋਸ਼ ਲਗਾਇਆ ਕਿ ਉਸ ਕੋਲੋਂ ਜਾਇਦਾਦ 'ਚੋਂ ਹਿੱਸਾ ਮੰਗਿਆ ਜਾ ਰਿਹਾ ਸੀ | ਥਾਣਾ ਸ਼ਹਿਰੀ ਦੇ ਐਸ.ਐਚ.ਓ. ਲੇਖਰਾਜ ਨੇ ਦੱਸਿਆ ਕਿ ਉਕਤ ਔਰਤ ਅਤੇ ਵਿਅਕਤੀ 'ਲਿਵਿੰਗ ਰਿਲੇਸ਼ਨਸ਼ਿਪ' ਵਿਚ ਰਹਿੰਦੇ ਸਨ | ਉਨ੍ਹਾਂ ਕਿਹਾ ਕਿ ਚੰਦਰ ਪ੍ਰਕਾਸ਼ ਵਾਸੀ ਮਾਧਵ ਨਗਰੀ ਦਿੱਲੀ ਨਿਵਾਸੀ ਰੇਣੂ ਬਾਲਾ ਦੇ ਘਰ ਵਿਚ 'ਲਿਵਿੰਗ ਰਿਲੇਸ਼ਨਸ਼ਿਪ' ਵਿਚ ਰਹਿ ਰਿਹਾ ਸੀ | ਉਨ੍ਹਾਂ ਕਿਹਾ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਮਾਂ ਪੁੱਤ ਨੇ ਇਹ ਘਿਣਾਉਣੀ ਹਰਕਤ ਕੀਤੀ ਹੈ, ਜਿਸ ਨੂੰ ਲੈ ਕੇ ਹੁਣ ਪੁਲਿਸ ਵਲੋਂ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪੀੜਤ ਆਟੋ ਚਲਾਉਂਦਾ ਹੈ |