ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)-ਰੀੜ੍ਹ ਦੀ ਹੱਡੀ ਦੀ ਸਮੱਸਿਆ ਤੋਂ ਪੀੜਤ ਬਜ਼ੁਰਗ ਮਰੀਜ਼ਾਂ ਲਈ 'ਪ੍ਰਕੁਟੇਨੀਅਸ ਐਂਡੋਫਿਊਜ਼ਨ ਸਰਜਰੀ' ਇਕ ਵਰਦਾਨ ਦੀ ਤਰ੍ਹਾਂ ਹੈ | ਸਥਾਨਕ ਵਾਸਲ ਹਸਪਤਾਲ, ਕਪੂਰਥਲਾ ਚੌਕ, ਜਲੰਧਰ ਦੇ ਅੰਦਰ ਚੱਲ ਰਹੇ ਸਪਾਈਨ ਮਾਸਟਰਜ਼ ਯੂਨਿਟ ਦੇ ਸੀਨੀਅਰ ਐਂਡੋਸਕੋਪਿਕ ਬ੍ਰੇਨ ਐਂਡ ਸਪਾਈਨ ਸਰਜਨ ਡਾ. ਪੰਕਜ ਤਿ੍ਵੇਦੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਨਵੀਆਂ ਤਕਨੀਕਾਂ ਅਤੇ ਤਕਨਾਲੋਜੀ ਮਰੀਜ਼ਾਂ ਦੀ ਜ਼ਿੰਦਗੀ ਬਦਲ ਰਹੀ ਹੈ, ਖ਼ਾਸ ਕਰਕੇ ਬਜ਼ੁਰਗ ਵਿਅਕਤੀਆਂ ਲਈ 'ਪ੍ਰਕੁਟੇਨੀਅਸ ਐਂਡੋਫਿਊਜ਼ਨ ਸਰਜਰੀ' ਇਕ ਵਰਦਾਨ ਹੈ | ਉਨ੍ਹਾਂ ਦੱਸਿਆ ਕਿ ਇਹ ਇਕ ਚਿੱਤਰ-ਨਿਰਦੇਸ਼ਿਤ ਐਂਡੋਸਕੋਪਿਕ ਸਪਾਈਨ ਸਰਜਰੀ ਹੈ, ਜੋ ਸਥਾਨਕ ਅਨੱਸਥੀਸੀਆ ਦੇ ਅਧੀਨ ਕੀਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਕਪੂਰਥਲਾ ਦੀ ਰਹਿਣ ਵਾਲੀ 68 ਸਾਲਾ ਕੁਲਬੀਰ ਕੌਰ ਪਿੱਠ ਦੇ ਦਰਦ ਦੀ ਸਮੱਸਿਆ ਤੋਂ ਪੀੜਤ ਸੀ | ਉਸ ਵਲੋਂ ਬਹੁਤ ਡਾਕਟਰਾਂ ਨੂੰ ਦਿਖਾਇਆ ਗਿਆ, ਜਿਨ੍ਹਾਂ ਉਸਨੂੰ ਓਪਨ ਸਪਾਈਨ ਸਰਜਰੀ ਦੀ ਸਲਾਹ ਦਿੱਤੀ | ਡਾ. ਤਿ੍ਵੇਦੀ ਨੇ ਦੱਸਿਆ ਕਿ ਮਰੀਜ਼ ਦੀ ਜਾਂਚ ਤੋਂ ਬਾਅਦ ਉਸ ਦੀ 'ਪ੍ਰਕੁਟੇਨੀਅਸ ਐਂਡੋਫਿਊਜ਼ਨ' ਕੀਤੀ ਗਈ, ਜਿਸ ਤੋਂ ਤੁਰੰਤ ਬਾਅਦ ਚਾਰ ਘੰਟਿਆਂ ਦੇ ਅੰਦਰ ਹੀ ਉਸ ਨੂੰ ਤੁਰਨ ਦੀ ਇਜਾਜ਼ਤ ਦੇ ਦਿੱਤੀ ਗਈ, ਜਿਸ ਨੂੰ 48 ਘੰਟਿਆਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸਰਜਰੀ ਤੋਂ ਬਾਅਦ ਕੁਲਬੀਰ ਕੌਰ ਬਹੁਤ ਵਧੀਆ ਢੰਗ ਨਾਲ ਤੁਰਨ ਲੱਗ ਪਈ ਹੈ ਤੇ ਉਸਦੀ ਪਿੱਠ 'ਤੇ ਕੋਈ ਟਾਂਕਾ ਨਹੀਂ ਸੀ | ਡਾ. ਤਿ੍ਵੇਦੀ ਨੇ ਦੱਸਿਆ ਕਿ ਉਨ੍ਹਾਂ ਕੋਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਮਰੀਜ਼ ਇਹ ਸਰਜਰੀ ਕਰਵਾਉਣ ਆ ਰਹੇ ਹਨ |