ਚੰਡੀਗੜ੍ਹ, 31 ਅਕਤੂਬਰ (ਅਜੀਤ ਬਿਊਰੋ)-ਸੂਬੇ ਦੀ ਜਲ ਜੀਵ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਇਥੇ ਆਪਣੇ ਦਫ਼ਤਰ ਵਿਖੇ ਰੋਹੂ (ਲਾਬਿਓ ਰੋਹਿਤਾ) ਨੂੰ ਪੰਜਾਬ ਦੀ ਰਾਜ ਮੱਛੀ ਐਲਾਨਿਆ ਹੈ | ਸੂਬੇ ਦੇ ਅਮੀਰ ਜਲ ਜੀਵ ਸਰੋਤਾਂ 'ਤੇ ਚਾਨਣਾ ਪਾਉਂਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦਾ ਜਲ ਜੀਵ ਖੇਤਰ ਲਗਾਤਾਰ ਪ੍ਰਗਤੀ ਵੱਲ ਵੱਧ ਰਿਹਾ ਹੈ, ਜਿਸ ਵਿਚ ਮੱਛੀ ਪਾਲਣ ਅਧੀਨ 43,683 ਏਕੜ ਰਕਬਾ ਹੈ, ਜਿਸ ਤੋਂ ਸਾਲਾਨਾ 200,000 ਮੀਟਿ੍ਕ ਟਨ ਮੱਛੀ ਦੀ ਪੈਦਾਵਾਰ ਹੁੰਦੀ ਹੈ | ਇਸ ਪੈਦਾਵਾਰ ਵਿਚ ਰੋਹੂ ਮੱਛੀ ਦਾ ਅਹਿਮ ਯੋਗਦਾਨ ਸ਼ਾਮਿਲ ਹੈ, ਜੋ 42,353 ਮੀਟਿ੍ਕ ਟਨ (ਕੁੱਲ ਉਤਪਾਦਨ ਦਾ 21.18 ਫ਼ੀਸਦ) ਹੈ ਅਤੇ ਇਸ ਦੀ ਕੀਮਤ 160-200 ਰੁਪਏ ਪ੍ਰਤੀ ਕਿੱਲੋਗ੍ਰਾਮ ਹੁੰਦੀ ਹੈ | ਇਹ ਕੀਮਤੀ ਮੱਛੀ ਫਿਊਸੀਫਾਰਮ ਸਰੀਰ ਅਤੇ ਵੱਡੇ ਸਾਈਕਲੋਇਡ ਸਕੇਲ ਕਾਰਨ ਕੁਦਰਤੀ ਜਲ ਸਰੋਤਾਂ ਵਿਚ 45 ਕਿੱਲੋਗ੍ਰਾਮ ਤੱਕ ਵਧ ਸਕਦੀ ਹੈ | ਉਨ੍ਹਾਂ ਦੱਸਿਆ ਕਿ ਰੋਹੂ ਮੱਛੀ ਪੌਸ਼ਟਿਕ ਤੱਤਾਂ ਜਿਵੇਂ ਪ੍ਰੋਟੀਨ, ਵਿਟਾਮਿਨ ਏ, ਬੀ ਅਤੇ ਡੀ, ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਇਸ ਨੂੰ ਨਾ ਸਿਰਫ਼ ਪੰਜਾਬ ਵਿਚ ਸਗੋਂ ਦੂਜੇ ਸੂਬਿਆਂ ਵਿਚ ਵੀ ਸੁਆਦੀ ਤੇ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ | ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੀ.ਐਮ.ਐਮ.ਐਸ.ਵਾਈ. ਸਕੀਮ ਤਹਿਤ ਵੱਡੇ ਪੱਧਰ 'ਤੇ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਦਿਆਂ ਮੱਛੀ ਪਾਲਣ ਲਈ 637 ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ, ਜਿਸ 'ਤੇ 30.63 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ | ਇਸ ਪਹਿਲਕਦਮੀ ਦਾ ਉਦੇਸ਼ ਖੇਤੀਬਾੜੀ ਨਾਲ ਸਬੰਧਤ ਸੂਬੇ ਦੇ ਅਰਥਚਾਰੇ ਨੂੰ ਹੁਲਾਰਾ ਦੇਣਾ ਹੈ | ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ |
ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ 'ਰੋਹੂ' ਨੂੰ ਰਾਜ ਮੱਛੀ ਐਲਾਨਿਆ
ਅਜੀਤ ਡੈਸਕ
01-11-2025