ਚੰਡੀਗੜ੍ਹ, 2 ਨਵੰਬਰ (ਅਜੀਤ ਬਿਊਰੋ)-ਵਿੱਤੀ ਲਚਕੀਲੇਪਨ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਨੇ ਅਕਤੂਬਰ 2025 ਤੱਕ ਸ਼ੁੱਧ ਜੀ.ਐਸ.ਟੀ. ਵਸੂਲੀ ਵਿਚ 21.51 ਫੀਸਦੀ ਦਾ ਵਾਧਾ ਦਰਜ ਕੀਤਾ ਹੈ, ਜਦੋਂ ਕਿ ਇਕੱਲੇ ਅਕਤੂਬਰ ਮਹੀਨੇ ਵਿਚ 14.46 ਫੀਸਦੀ ਦਾ ਮਜ਼ਬੂਤ ਵਾਧਾ ਹੋਇਆ ਹੈ | ਇਥੇ ਇਹ ਖੁਲਾਸਾ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਾਧੇ ਦੇ ਵੇਰਵੇ ਦਿੰਦੇ ਹੋਏ ਦੱਸਿਆ ਕਿ ਸੂਬੇ ਨੇ ਅਪ੍ਰੈਲ ਤੋਂ ਅਕਤੂਬਰ 2025 ਤੱਕ ਸ਼ੁੱਧ ਜੀ.ਐਸ.ਟੀ. ਵਜੋਂ 15,683.59 ਕਰੋੜ ਰੁਪਏ ਪ੍ਰਾਪਤ ਕੀਤੇ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੌਰਾਨ ਇਹ ਪ੍ਰਾਪਤੀ 12,907.31 ਕਰੋੜ ਰੁਪਏ ਸੀ, ਜਿਸ ਵਿਚ ਕਿ 2,776 ਕਰੋੜ ਰੁਪਏ ਦਾ ਸ਼ਾਨਦਾਰ ਵਾਧਾ ਹੈ | ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਉਲਟ, ਵਿੱਤੀ ਸਾਲ 2024-25 ਵਿਚ ਅਕਤੂਬਰ 2024 ਤੱਕ ਵਾਧਾ ਦਰ ਸਿਰਫ 3.8 ਫੀਸਦੀ ਸੀ | ਵਿੱਤ ਮੰਤਰੀ ਨੇ ਦੱਸਿਆ ਕਿ ਅਕਤੂਬਰ 2025 ਲਈ ਸੂਬੇ ਦੀ ਸ਼ੁੱਧ ਜੀ.ਐਸ.ਟੀ. ਪ੍ਰਾਪਤੀ 2,359.16 ਕਰੋੜ ਰੁਪਏ ਰਹੀ, ਜੋ ਕਿ ਅਕਤੂਬਰ 2024 ਵਿਚ ਪ੍ਰਾਪਤ ਹੋਏ 2,061.23 ਕਰੋੜ ਰੁਪਏ ਦੇ ਮੁਕਾਬਲੇ ਇੱਕ ਮਹੱਤਵਪੂਰਨ ਵਾਧਾ ਹੈ | ਉਨ੍ਹਾ ਕਿਹਾ ਕਿ ਇਹ 298 ਕਰੋੜ ਰੁਪਏ ਦਾ ਵਾਧਾ ਸੂਬੇ ਦੇ ਲਗਾਤਾਰ ਆਰਥਿਕ ਗਤੀ ਨੂੰ ਦਰਸਾਉਂਦਾ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀ ਸਤੰਬਰ 2025 ਵਿਚ ਲਾਗੂ ਕੀਤੇ ਗਏ ਜੀ.ਐਸ.ਟੀ. 2.0 ਸੁਧਾਰਾਂ ਤੋਂ ਬਾਅਦ ਹੋਈ ਹੈ, ਜਿਸ ਵਿਚ ਕਈ ਟੈਕਸ ਸਲੈਬਾਂ ਨੂੰ ਘਟਾਇਆ ਗਿਆ ਸੀ |
ਵੱਡੀਆਂ ਚੁਣੌਤੀਆਂ ਦੇ ਬਾਵਜੂਦ ਪੰਜਾਬ ਦੀ ਜੀ.ਐਸ.ਟੀ. ਪ੍ਰਾਪਤੀ 'ਚ 21.51% ਦਾ ਵਾਧਾ- ਹਰਪਾਲ ਸਿੰਘ ਚੀਮਾ <br/>
ਅਜੀਤ ਡੈਸਕ
03-11-2025