ਜਗਰਾਉਂ, 2 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ 'ਚ ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ | ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੇ ਦੱਸਿਆ ਕਿ ਕਬੱਡੀ ਖਿਡਾਰੀ ਤੇਜਪਾਲ ਸਿੰਘ ਆਪਣੇ ਸਾਥੀਆਂ ਪਰਲਾਭ ਸਿੰਘ ਤੇ ਲਿਵਦੀਪ ਸਿੰਘ ਨਾਲ ਜਗਰਾਉਂ ਹਰੀ ਸਿੰਘ ਰੋਡ 'ਤੇ ਮਹਾਂਵੀਰ ਆਇਲ ਮਿੱਲ ਤੋਂ ਪਸ਼ੂਆਂ ਵਾਸਤੇ ਫੀਡ ਲੈਣ ਆਇਆ ਸੀ ਤਾਂ ਹਸਪਤਾਲ ਅੱਗੇ ਮੌਜੂਦ ਹਰਪ੍ਰੀਤ ਸਿੰਘ ਉਰਫ਼ ਹਨੀ ਪਿੰਡ ਰੂਮੀ, ਗਗਨਦੀਪ ਸਿੰਘ ਗਗਨਾ ਵਾਸੀ ਕਿੱਲੀ ਚਾਹਲ ਦੋਵੇਂ ਜਣੇ ਤੇਜਪਾਲ ਸਿੰਘ ਨੂੰ ਗਾਲੀ ਗਲੋਚ ਕਰਦਿਆਂ ਕੁੱਟਮਾਰ ਕਰਨ ਲੱਗ ਪਏ, ਏਨੇ ਨੂੰ ਉਨ੍ਹਾਂ ਦਾ ਸਾਥੀ ਹਰਜੋਬਨਪ੍ਰੀਤ ਸਿੰਘ ਕਾਲਾ ਵਾਸੀ ਰੂਮੀ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਆ ਗਿਆ ਤੇ ਕੁੱਟਮਾਰ ਕਰਨ ਲੱਗਿਆ | ਉਸੇ ਸਮੇਂ ਹਰਪ੍ਰੀਤ ਸਿੰਘ ਉਰਫ਼ ਹਨੀ ਨੇ ਡੱਬ 'ਚੋਂ ਪਿਸਟਲ ਕੱਢ ਕੇ ਤੇਜਪਾਲ ਸਿੰਘ ਦੀ ਛਾਤੀ 'ਤੇ ਗੋਲੀ ਮਾਰੀ, ਜਿਸ ਨਾਲ ਤੇਜਪਾਲ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ | ਐੱਸ.ਐੱਸ.ਪੀ. ਨੇ ਦੱਸਿਆ ਕਿ ਬੀਤੀ 20 ਅਕਤੂਬਰ ਨੂੰ ਪਰਲਾਭ ਸਿੰਘ ਆਪਣੀ ਪਤਨੀ ਅਤੇ ਭੈਣ ਨਾਲ ਜਗਰਾਉਂ ਵਿਖੇ ਖ਼ਰੀਦਦਾਰੀ ਕਰਨ ਆਇਆ ਸੀ ਤਾਂ ਉਸ ਸਮੇਂ ਹਰਪ੍ਰੀਤ ਸਿੰਘ ਹਨੀ ਅਤੇ ਉਸ ਦੇ ਪੰਜ ਛੇ ਦੋਸਤ ਪਰਲਾਭ ਸਿੰਘ ਦੀ ਪਤਨੀ ਤੇ ਭੈਣ ਨੂੰ ਘੂਰ ਰਹੇ ਸਨ | ਪਰਲਾਭ ਸਿੰਘ ਨੇ ਵੀ ਇਨ੍ਹਾਂ ਵੱਲ ਘੂਰ ਕੇ ਵੇਖਿਆ ਤਾਂ ਸਾਰੇ ਜਣੇ ਉੱਥੋਂ ਚਲੇ ਗਏ | ਇਸੇ ਰੰਜਿਸ਼ ਕਰਕੇ ਹੀ 31 ਅਕਤੂਬਰ ਨੂੰ ਹਰਪ੍ਰੀਤ ਸਿੰਘ ਹਨੀ ਤੇ ਉਸ ਦੇ ਸਾਥੀਆਂ ਨੇ ਪਰਲਾਭ ਸਿੰਘ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਨ ਲੱਗੇ, ਜਦੋਂ ਤੇਜਪਾਲ ਸਿੰਘ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦੇ ਗੋਲੀ ਮਾਰ ਦਿੱਤੀ | ਉਨ੍ਹਾਂ ਨੇ ਦੱਸਿਆ ਕਿ ਕਤਲ ਕਾਂਡ ਦੇ ਮੁੱਖ ਦੋਸ਼ੀ ਹਰਪ੍ਰੀਤ ਸਿੰਘ ਹਨੀ ਵਾਸੀ ਰੂਮੀ ਅਤੇ ਗਗਨਦੀਪ ਸਿੰਘ ਗਗਨਾ ਵਾਸੀ ਕਿੱਲੀ ਚਾਹਲਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਤੋਂ ਇਕ ਦੇਸੀ ਪਿਸਟਲ 30 ਬੋਰ ਤੇ 2 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ | ਬਾਕੀ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ | ਇਸ ਮਾਮਲੇ 'ਚ ਮਿ੍ਤਕ ਦੇ ਪਿਤਾ ਰਘਬੀਰ ਸਿੰਘ ਪੁੱਤਰ ਬੰਤ ਸਿੰਘ ਵਾਸੀ ਗਿੱਦੜਵਿੰਡੀ ਦੇ ਬਿਆਨਾਂ 'ਤੇ ਹਨੀ, ਗਗਨਾ, ਕਾਲਾ ਸਮੇਤ ਸੱਤ-ਅੱਠ ਅਣਪਛਾਤਿਆਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਅਨੁਸਾਰ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ | ਇਸ ਮੌਕੇ ਐੱਸ.ਪੀ. ਹਰਕਮਲ ਕੌਰ, ਡੀ.ਐੱਸ.ਪੀ. ਜਸਵਿੰਦਰ ਸਿੰਘ ਢੀਂਡਸਾ, ਡੀ.ਐੱਸ.ਪੀ. ਜਤਿੰਦਰ ਸਿੰਘ, ਇੰਸਪੈਕਟਰ ਪਰਮਿੰਦਰ ਸਿੰਘ, ਇੰਸਪੈਕਟਰ ਅੰਮਿ੍ਤਪਾਲ ਸਿੰਘ ਵੀ ਹਾਜ਼ਰ ਸਨ |
ਕਬੱਡੀ ਖਿਡਾਰੀ ਦੇ ਕਤਲ ਦੇ ਮਾਮਲੇ 'ਚ ਮੁੱਖ ਦੋਸ਼ੀ ਸਣੇ ਦੋ ਕਾਬੂ <br/>
ਅਜੀਤ ਡੈਸਕ
03-11-2025