ਪਰਿਵਾਰ ਵਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਧਰਨਾ
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)-ਅੱਜ ਸ਼ਾਮ ਸਮੇਂ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਖੋਖਰ ਪੈਲਸ ਦੇ ਬਾਹਰ ਕੁਝ ਨੌਜਵਾਨਾਂ ਨੇ ਇਕ ਨੌਜਵਾਨ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਸ਼ ਸੜਕ 'ਤੇ ਰੱਖ ਕੇ ਇਨਸਾਫ ਦੀ ਮੰਗ ਕਰਦਿਆਂ ਧਰਨਾ ਲਗਾ ਦਿੱਤਾ | ਮਿ੍ਤਕ ਦੇ ਭਰਾ ਲਾਡੀ ਅਤੇ ਪਤਨੀ ਚਰਨਜੀਤ ਕੌਰ ਵਾਸੀ ਮਾਨ ਨਗਰ ਬਟਾਲਾ ਨੇ ਦੱਸਿਆ ਕਿ ਜਸਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਆਪਣੇ ਦੋਸਤਾਂ ਨਾਲ ਗੱਡੀ 'ਤੇ ਕਿਤੇ ਕੰਮ ਗਿਆ ਸੀ ਜਦੋਂ ਉਹ ਵਾਪਸ ਆਏ ਅਤੇ ਗੱਡੀ ਤੋਂ ਉਤਰ ਕੇ ਘਰ ਆ ਰਿਹਾ ਸੀ ਤਾਂ ਇਸ ਦੌਰਾਨ ਮੋਟਰਸਾਈਕਲ 'ਤੇ ਆਏ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਜਸਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ | ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਤੱਕ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਨਹੀਂ ਹੋ ਜਾਂਦੀ ਅਤੇ ਉਹ ਫੜੇ ਨਹੀਂ ਜਾਂਦੇ, ਧਰਨਾ ਜਾਰੀ ਰਹੇਗਾ | ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐਸ.ਪੀ. ਸਿਟੀ ਸੰਜੀਵ ਕੁਮਾਰ, ਐਸ.ਐਚ.ਓ. ਸਿਵਲ ਲਾਈਨ ਹਰਜਿੰਦਰ ਸਿੰਘ, ਐਸ.ਆਈ. ਗੁਰਮੀਤ ਸਿੰਘ ਅਤੇ ਐਸ.ਆਈ. ਨਰਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਉਨਾਂ ਵਲੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ | ਇਸ ਸੰਬੰਧੀ ਡੀ.ਐਸ.ਪੀ. ਸੰਜੀਵ ਕੁਮਾਰ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ, ਸਖ਼ਤ ਕਾਰਵਾਈ ਕੀਤੀ ਜਾਏਗੀ |
ਬਟਾਲਾ 'ਚ ਚੱਲੀਆਂ ਗੋਲੀਆਂ ਇਕ ਨੌਜਵਾਨ ਦੀ ਮੌਤ <br/>
ਅਜੀਤ ਡੈਸਕ
03-11-2025