1990 ਦੇ ਦਹਾਕੇ ਦੇ ਸ਼ੁਰੂ 'ਚ ਉਭਰਿਆ ਤਾਲਿਬਾਨ
ਅੰਮਿ੍ਤਸਰ, 2 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੌਜੂਦਾ ਸਮੇਂ ਇਕ ਦੂਜੇ ਦੇ ਕੱਟੜ ਦੁਸ਼ਮਣ ਬਣੇ ਹੋਏ ਹਨ | ਹਾਲਾਂਕਿ, ਸਾਲ 1994 'ਚ ਇਹ ਦੋਵੇਂ ਇਕ ਦੂਜੇ ਦੇ ਐਨੇ 'ਖ਼ਾਸ' ਅਤੇ 'ਕਰੀਬੀ' ਸਨ ਕਿ ਕਿਸੇ ਨੇ ਵੀ ਤਾਲਿਬਾਨ ਨਾਲ ਸਮਝੌਤਾ, ਯੁੱਧ ਜਾਂ ਵਪਾਰਕ ਲੈਣ-ਦੇਣ ਕਰਨਾ ਹੁੰਦਾ ਸੀ ਤਾਂ ਪਾਕਿ ਨੂੰ ਵਿਚੋਲਾ ਬਣਾਉਣ ਤੋਂ ਇਲਾਵਾ ਇਹ ਸੰਭਵ ਨਹੀਂ ਸੀ | ਹੁਣ ਆਲਮ ਇਹ ਹੈ ਕਿ ਪਾਕਿ ਅਤੇ ਅਫ਼ਗਾਨਿਸਤਾਨ ਨੂੰ ਆਪਸ 'ਚ ਗੱਲਬਾਤ ਜਾਂ ਸਮਝੌਤਾ ਕਰਨ ਲਈ ਕਤਰ, ਸਾਉਦੀ ਅਤੇ ਇਸਤਾਂਬੁਲ ਦੀ ਵਿਚੋਲਗੀ ਦੀ ਲੋੜ ਪੈ ਰਹੀ ਹੈ | ਦੱਸਣਯੋਗ ਹੈ ਕਿ ਪਾਕਿ ਸ਼ੁਰੂਆਤ ਤੋਂ ਹੀ ਤਾਲਿਬਾਨ ਦਾ ਸਮਰਥਕ ਰਿਹਾ ਹੈ, ਜੋ ਤਾਲਿਬਾਨ ਦੇ ਸੱਤਾ 'ਚ ਆਉਣ ਦਾ ਇਕ ਵੱਡਾ ਕਾਰਨ ਵੀ ਹੈ | ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਤਾਲਿਬਾਨ ਨੂੰ ਮਹੱਤਵਪੂਰਨ ਫ਼ੌਜੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਵਾਈ | ਪਾਕਿ ਦਾ ਮੰਨਣਾ ਸੀ ਕਿ ਤਾਲਿਬਾਨ ਦੋਵਾਂ ਮੁਲਕਾਂ ਵਿਚਾਲੇ ਦਹਾਕਿਆਂ ਤੋਂ ਝੜਪਾਂ ਦਾ ਕਾਰਨ ਬਣ ਰਹੀ ਡੁਰੰਡ ਲਾਈਨ ਸਰਹੱਦ ਨੂੰ ਕੰਟਰੋਲ ਕਰੇਗਾ ਅਤੇ ਟੀ. ਟੀ. ਪੀ. (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਅੱਤਵਾਦੀ ਸਮੂਹ ਨੂੰ ਕਮਜ਼ੋਰ ਕਰੇਗਾ | ਹਾਲਾਂਕਿ, ਇਸ ਦੇ ਉਲਟ ਹੋਇਆ, ਜਿੱਥੇ ਇਕ ਪਾਸੇ ਪਾਕਿ ਨਾਲ ਅਫ਼ਗਾਨ ਸੁਰੱਖਿਆ ਬਲਾਂ ਦੇ ਡੁਰੰਡ ਲਾਈਨ 'ਤੇ ਟਾਕਰੇ ਵੱਧ ਗਏ, ਉਥੇ ਹੀ ਟੀ. ਟੀ. ਪੀ. ਦੇ ਬੰਬ ਧਮਾਕੇ ਤਿੰਨ ਗੁਣਾ ਹੋ ਗਏ ਅਤੇ ਨਾਲ ਹੀ ਸੈਨਿਕਾਂ 'ਤੇ ਗੋਲੀਬਾਰੀ ਅਤੇ ਅਗਵਾ ਦੇ ਮਾਮਲੇ ਵੀ ਆਮ ਹੋ ਗਏ | ਦੱਸਣਯੋਗ ਹੈ ਕਿ ਜਦੋਂ ਸੰਨ 1979 'ਚ ਸੋਵੀਅਤ ਯੂਨੀਅਨ ਨੇ ਅਫ਼ਗਾਨਿਸਤਾਨ 'ਚ ਅਮਰੀਕੀ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਉਥੇ ਆਪਣੀਆਂ ਫ਼ੌਜਾਂ ਭੇਜੀਆਂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਬਜ਼ਾ ਕਰ ਲਿਆ ਤਾਂ ਅਮਰੀਕਾ ਸੋਵੀਅਤ ਯੂਨੀਅਨ ਨੂੰ ਉਥੋਂ ਬਾਹਰ ਕੱਢਣਾ ਚਾਹੁੰਦਾ ਸੀ | ਇਸ ਲਈ ਉਸ ਦੀ ਮਦਦ ਲਈ ਪਾਕਿ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨੇ ਆਪਣੇ ਮੁਜਾਹਿਦੀਨਾਂ ਨੂੰ ਜਿਹਾਦ ਲੜਨ ਲਈ ਉਭਾਰਿਆ | ਅਮਰੀਕਾ ਤੋਂ ਫੰਡ ਪ੍ਰਾਪਤ ਕਰਕੇ ਅਫ਼ਗਾਨ ਸਰਹੱਦ ਦੇ ਨਾਲ ਲੱਗਦੇ ਕਬਾਇਲੀ ਇਲਾਕਿਆਂ ਦੇ ਮਦਰਸਿਆਂ 'ਚ ਉਨ੍ਹਾਂ ਨੂੰ ਸਿਖਲਾਈ ਦਿੱਤੀ ਅਤੇ ਉਨ੍ਹਾਂ ਨੂੰ ਬੰਦੂਕਾਂ ਅਤੇ ਹਥਿਆਰ ਪ੍ਰਦਾਨ ਕੀਤੇ | ਇਨ੍ਹਾਂ ਮੁਜਾਹਿਦੀਨਾਂ ਦੀਆਂ ਹਥਿਆਰਬੰਦ ਕਾਰਵਾਈਆਂ ਦੇ ਚੱਲਦਿਆਂ 1989 'ਚ ਸੋਵੀਅਤ ਯੂਨੀਅਨ ਅਫ਼ਗਾਨਿਸਤਾਨ ਛੱਡ ਗਿਆ, ਪਰ ਪਾਕਿ ਆਪਣੀ ਇੱਛਾ ਅਨੁਸਾਰ ਉੱਥੇ ਕਠਪੁਤਲੀ ਸਰਕਾਰ ਬਣਾਉਣ 'ਚ ਅਸਫਲ ਰਿਹਾ | 1994 'ਚ ਤਾਲਿਬਾਨ ਨੇ ਅਫ਼ਗਾਨਿਸਤਾਨ ਦਾ ਕੰਟਰੋਲ ਲੈਣਾ ਸ਼ੁਰੂ ਕਰ ਦਿੱਤਾ | ਦਰਅਸਲ, ਤਾਲਿਬਾਨ 1990 ਦੇ ਦਹਾਕੇ ਦੇ ਸ਼ੁਰੂ 'ਚ ਪਸ਼ਤੂਨ ਅੰਦੋਲਨ ਦੌਰਾਨ ਉਭਰਿਆ, ਜਦੋਂ ਸੋਵੀਅਤ ਯੂਨੀਅਨ ਅਫ਼ਗਾਨਿਸਤਾਨ ਤੋਂ ਆਪਣੀਆਂ ਫ਼ੌਜਾਂ ਵਾਪਸ ਬੁਲਾ ਰਿਹਾ ਸੀ | ਪਸ਼ਤੋ 'ਚ ਵਿਦਿਆਰਥੀਆਂ ਨੂੰ 'ਤਾਲਿਬਾਨ' ਕਿਹਾ ਜਾਂਦਾ ਹੈ | ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਪ੍ਰਭਾਵ ਤੇਜ਼ੀ ਨਾਲ ਵਧਿਆ | ਸਾਲ 1998 ਤੱਕ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਲਗਭਗ 90 ਫ਼ੀਸਦੀ ਹਿੱਸੇ ਨੂੰ ਕੰਟਰੋਲ 'ਚ ਲੈ ਲਿਆ | 11 ਸਤੰਬਰ 2001 ਨੂੰ ਨਿਊਯਾਰਕ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਨੇ ਤਾਲਿਬਾਨ ਵੱਲ ਵਿਸ਼ਵ-ਵਿਆਪੀ ਧਿਆਨ ਖਿੱਚਿਆ | ਤਾਲਿਬਾਨ 'ਤੇ ਹਮਲੇ ਦੇ ਮੁੱਖ ਸ਼ੱਕੀ ਓਸਾਮਾ ਬਿਨ ਲਾਦੇਨ ਅਤੇ ਅਲ-ਕਾਇਦਾ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਸੀ | 7 ਅਕਤੂਬਰ 2001 ਨੂੰ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਗੱਠਜੋੜ ਨੇ ਅਫ਼ਗਾਨਿਸਤਾਨ 'ਤੇ ਹਮਲਾ ਕੀਤਾ ਅਤੇ ਦਸੰਬਰ ਦੇ ਪਹਿਲੇ ਹਫ਼ਤੇ ਤਾਲਿਬਾਨ ਦਾ ਰਾਜ ਖ਼ਤਮ ਹੋ ਗਿਆ | ਅਮਰੀਕੀ ਹਮਲਿਆਂ ਦੌਰਾਨ ਤਾਲਿਬਾਨ ਦੇ ਅਫ਼ਗਾਨਿਸਤਾਨ ਦੀ ਸੱਤਾ ਤੋਂ ਬਾਹਰ ਹੋਣ 'ਤੇ ਉਨ੍ਹਾਂ ਨੂੰ ਪਾਕਿ ਨੇ ਇਕ ਸਾਧਨ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ | ਤਾਲਿਬਾਨ ਨੇਤਾਵਾਂ ਨੂੰ ਪਾਕਿ ਅੰਦਰ ਸ਼ਰਨ ਦਿੱਤੀ ਗਈ | ਇਸ ਨਾਲ ਪਾਕਿ ਦੇ ਵਜ਼ੀਰਸਤਾਨ ਵਰਗੇ ਕਬਾਇਲੀ ਖੇਤਰਾਂ 'ਚ ਤਾਲਿਬਾਨ ਤੋਂ ਪ੍ਰੇਰਿਤ ਉੱਥੋਂ ਦੇ ਸਥਾਨਕ ਕੱਟੜਪੰਥੀਆਂ ਦਾ ਉਭਾਰ ਹੋਇਆ | ਅਫ਼ਗਾਨਿਸਤਾਨ 'ਚ ਵੱਡੀ ਗਿਣਤੀ 'ਚ ਵਿਦੇਸ਼ੀ ਫ਼ੌਜਾਂ ਦੀ ਮੌਜੂਦਗੀ ਦੇ ਬਾਵਜੂਦ ਤਾਲਿਬਾਨ ਨੇ ਉੱਥੇ ਪਾਕਿ ਦੀ ਮਦਦ ਨਾਲ ਹੌਲੀ-ਹੌਲੀ ਆਪਣੇ ਆਪ ਨੂੰ ਮੁੜ ਮਜ਼ਬੂਤ ਕੀਤਾ | ਫਰਵਰੀ 2020 'ਚ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਇਕ ਸ਼ਾਂਤੀ ਸਮਝੌਤਾ ਹੋਇਆ | ਇਸ ਸਮਝੌਤੇ ਤਹਿਤ ਨਵੇਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਸਤੰਬਰ 2021 ਤੱਕ ਸਾਰੀਆਂ ਅਮਰੀਕੀ ਫ਼ੌਜਾਂ ਵਾਪਸ ਬੁਲਾ ਲਈਆਂ ਗਈਆਂ | ਇਸ ਤਰ੍ਹਾਂ ਨਾਲ ਲਗਭਗ ਦੋ ਦਹਾਕੇ ਬਾਅਦ ਤਾਲਿਬਾਨ ਨੇ ਇਕ ਵਾਰ ਫਿਰ ਲਗਭਗ ਸਾਰੇ ਅਫ਼ਗਾਨਿਸਤਾਨ ਦਾ ਕੰਟਰੋਲ ਆਪਣੇ ਕਬਜ਼ੇ 'ਚ ਲੈ ਲਿਆ |
ਅਫ਼ਗਾਨਾਂ ਦੀ ਵਫ਼ਾਦਾਰੀ ਦੀਆਂ ਮਿਸਾਲਾਂ ਦੇਣ ਵਾਲਾ ਪਾਕਿ ਹੁਣ ਉਨ੍ਹਾਂ ਨੂੰ ਦੱਸ ਰਿਹਾ 'ਅਹਿਸਾਨ ਫ਼ਰਾਮੋਸ਼'
ਅਜੀਤ ਡੈਸਕ
03-11-2025