ਪਟਿਆਲਾ, 2 ਨਵੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਦੀਵਾਲੀ ਤੋਂ ਬਾਅਦ ਕਣਕ ਦੀ ਬਿਜਾਈ 'ਚ ਆਈ ਤੇਜ਼ੀ ਦੇ ਨਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਵੀ ਗਿਣਤੀ ਤੇਜ਼ੀ ਨਾਲ ਵਧ ਕੇ 442 ਹੋ ਗਈ ਹੈ | ਇਸ ਦੇ ਨਾਲ ਹੀ ਹਵਾ ਦੀ ਗੁਣਵੱਤਾ ਵਿਚ ਭਾਵੇਂ ਕੁਝ ਸ਼ਹਿਰਾਂ ਵਿਚ ਜਿਥੇ ਸੁਧਾਰ ਦੀ ਖ਼ਬਰ ਹੈ, ਉਥੇ ਉਦਯੋਗਿਕ ਸ਼ਹਿਰ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੀ ਹਵਾ ਦੀ ਗੁਣਵੱਤਾ ਚਿੰਤਤ ਪੱਧਰ 'ਤੇ ਪਹੁੰਚ ਗਈ ਹੈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਿਕ ਮੰਡੀ ਗੋਬਿੰਦਗੜ੍ਹ ਵਿਖੇ ਹਵਾ ਗੁਣਵੱਤਾ ਸੂਚਕਅੰਕ 319 ਦਰਜ ਕੀਤਾ ਗਿਆ ਹੈ, ਉਥੇ ਹੀ ਖੰਨਾ ਦਾ ਸੂਚਕਅੰਕ 310 ਹੈ | ਇਨ੍ਹਾਂ ਦੋਵਾਂ ਸ਼ਹਿਰਾਂ ਦਾ ਇਹ ਸੂਚਕਅੰਕ ਬੋਰਡ ਵਲੋਂ ਬਹੁਤ ਮਾੜੇ ਵਰਗ 'ਚ ਦਰਜ ਕੀਤਾ ਹੈ | ਇਸ ਦੇ ਨਾਲ ਹੀ ਅੰਮਿ੍ਤਸਰ ਵਿਖੇ ਹਵਾ ਗੁਣਵੱਤਾ ਸੂਚਕਅੰਕ 127, ਬਠਿੰਡਾ 'ਚ 114, ਜਲੰਧਰ 'ਚ 176, ਲੁਧਿਆਣਾ 'ਚ 184, ਪਟਿਆਲਾ 'ਚ 283 ਤੇ ਰੂਪਨਗਰ ਵਿਚ 130 ਦਰਜ ਕੀਤਾ ਗਿਆ ਹੈ | ਪਿਛਲੇ ਸਾਲ 15 ਸਤੰਬਰ ਤੋਂ 1 ਨਵੰਬਰ ਤੱਕ ਅੱਗ ਲੱਗਣ ਦੀਆਂ 3537 ਦਰਜ ਕੀਤੀਆਂ ਘਟਨਾਵਾਂ ਦੇ ਮੁਕਾਬਲੇ ਇਸ ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ ਘੱਟ ਕੇ 2084 ਹੀ ਦਰਜ ਕੀਤੀ ਗਈ ਹੈ ਪਰ ਅੱਜ ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਮੁਕਾਬਲੇ ਸਭ ਤੋਂ ਵਧੇਰੇ ਹੀ ਨਹੀਂ ਬਲਕਿ ਬੀਤੀ ਰਾਤ ਇਸ ਵਿਚ ਵੱਡਾ ਵਾਧਾ ਹੋਇਆ ਹੈ | ਨਮੀ ਦੇ ਮੌਸਮ 'ਚ ਉਠੇ ਇਸ ਧੂੰਏਾ ਕਾਰਨ ਲੋਕਾਂ ਦਾ ਸਾਹ ਲੈਣਾ ਹੀ ਔਖਾ ਨਹੀਂ ਹੋਇਆ, ਬਲਕਿ ਮੰਡੀ ਗੋਬਿੰਦਗੜ੍ਹ ਅਤੇ ਖੰਨਾ 'ਚ ਸਿਹਤ ਪੱਖੋਂ ਮਰੀਜ਼ਾਂ ਲਈ ਹੋਰ ਵੀ ਖ਼ਤਰਨਾਕ ਬਣ ਗਿਆ ਹੈ | ਸੂਬੇ 'ਚ ਪਰਾਲੀ ਸਾੜਨ ਦੀਆਂ ਦਰਜ ਕੀਤੀਆਂ ਘਟਨਾਵਾਂ 'ਚ ਹੁਣ ਤਕ ਸਾਰੇ ਸੀਜ਼ਨ ਦੌਰਾਨ 423 ਘਟਨਾਵਾਂ ਨਾਲ ਤਰਨ ਤਾਰਨ ਸਭ ਤੋਂ ਮੋਹਰੀ ਰਿਹਾ ਹੈ | 389 ਘਟਨਾਵਾਂ ਦੇ ਨਾਲ ਦੂਜੇ ਨੰਬਰ 'ਤੇ ਸੰਗਰੂਰ ਜ਼ਿਲ੍ਹਾ ਰਿਹਾ ਹੈ | ਤੀਜੇ ਨੰਬਰ 'ਤੇ 212 ਘਟਨਾਵਾਂ ਨਾਲ ਅੰਮਿ੍ਤਸਰ ਅਤੇ ਚੌਥੇ ਨੰਬਰ 'ਤੇ 207 ਘਟਨਾਵਾਂ ਨਾਲ ਫ਼ਿਰੋਜ਼ਪੁਰ ਦਾ ਨਾਂਅ ਸ਼ਾਮਿਲ ਹੈ | ਜੇਕਰ ਅੱਜ ਦੇ ਦਿਨ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅੱਜ ਤੇਜ਼ੀ ਨਾਲ ਵਧੇ ਅੰਕੜਿਆਂ ਵਿਚ ਸੰਗਰੂਰ ਜ਼ਿਲ੍ਹੇ 'ਚ 108 ਘਟਨਾਵਾਂ ਦੀ ਗਿਣਤੀ ਸਭ ਤੋਂ ਵਧੇਰੇ ਦਰਜ ਕੀਤੀ ਗਈ ਹੈ | ਇਸ ਤੋਂ ਇਲਾਵਾ ਕ੍ਰਮਵਾਰ ਤਰਨ ਤਾਰਨ ਵਿਚ 49 ਅਤੇ ਬਠਿੰਡਾ 'ਚ 42 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ |
ਪਰਾਲੀ ਸਾੜਨ ਦੀਆਂ ਘਟਨਾਵਾਂ ਵਧ ਕੇ 442 'ਤੇ ਪੁੱਜੀਆਂ <br/>
ਅਜੀਤ ਡੈਸਕ
03-11-2025