ਸ੍ਰੀ ਅਨੰਦਪੁਰ ਸਾਹਿਬ, 22 ਨਵੰਬਰ (ਕਰਨੈਲ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਸਮਾਗਮਾਂ ਦੀ ਸ਼ੁਰੂਆਤ ਅੱਜ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ | ਇਹ ਸਮਾਗਮ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਿਖੇ ਹੋਵੇਗਾ | ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹਿਣਗੇ | ਸਵੇਰੇ 11 ਵਜੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ 'ਤੇ ਅਧਾਰਿਤ ਪ੍ਰਦਰਸ਼ਨੀ ਦਾ ਉਦਘਾਟਨ ਵਿਰਾਸਤ-ਏ-ਖ਼ਾਲਸਾ ਦੇ ਹਾਲ ਵਿਖੇ ਕੀਤਾ ਜਾਵੇਗਾ | ਦੁਪਿਹਰ 12 ਵਜੇ ਤੋਂ ਛਾਉਣੀ ਬੁੱਢਾ ਦਲ ਦੇ ਮੁੱਖ ਪੰਡਾਲ ਵਿਖੇ ਸਰਬ ਧਰਮ ਸੰਮੇਲਨ ਕਰਵਾਇਆ ਜਾਵੇਗਾ | 3 ਵਜੇ ਵਿਰਾਸਤ-ਏ-ਖ਼ਾਲਸਾ, ਭਾਈ ਜੈਤਾ ਜੀ ਮੈਮੋਰੀਅਲ ਅਤੇ ਪੰਜ ਪਿਆਰੇ ਪਾਰਕ ਦਾ ਗਾਈਡਡ ਟੂਰ ਹੋਵੇਗਾ | ਸ਼ਾਮੀ 5 ਵਜੇ ਵਿਰਾਸਤ-ਏ-ਖ਼ਾਲਸਾ ਵਿਖੇ ਡਰੋਨ ਸ਼ੋਅ ਹੋਵੇਗਾ ਅਤੇ 6 ਵਜੇ ਮੁੱਖ ਪੰਡਾਲ 'ਚ ਕਥਾ ਅਤੇ ਕੀਰਤਨ ਦਰਬਾਰ ਹੋਵੇਗਾ | 24 ਨਵੰਬਰ ਸਵੇਰੇ 8 ਵਜੇ ਸੀਸ ਭੇਟ ਨਗਰ ਕੀਰਤਨ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਜਾਵੇਗਾ | 10 ਵਜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੈਰੀਟੇਜ ਵਾਕ ਹੋਵੇਗੀ | 11 ਤੋਂ 1 ਵਜੇ ਤੱਕ ਛਾਉਣੀ ਬੁੱਢਾ ਦਲ ਦੇ ਮੁੱਖ ਪੰਡਾਲ 'ਚ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਉੱਤੇ ਆਧਾਰਤ ਕਾਵਿ-ਉਚਾਰਨ, ਢਾਡੀ ਅਤੇ ਕਵੀਸ਼ਰੀ ਦਰਬਾਰ ਸਜੇਗਾ | ਦੁਪਹਿਰ 1 ਵਜੇ ਤੋਂ ਭਾਈ ਜੈਤਾ ਜੀ ਯਾਦਗਰ ਵਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਾਲਸ ਹੋਵੇਗਾ | 2 ਵਜੇ ਤੋਂ ਚਰਨ ਗੰਗਾ ਸਟੇਡੀਅਮ ਵਿਖੇ ਗੱਤਕਾ ਅਤੇ ਹੋਰ ਜੰਗਜੂੰ ਸਮਾਗਮ ਹੋਣਗੇ | ਸ਼ਾਮੀ 5 ਵਜੇ ਵਿਰਾਸਤ-ਏ-ਖ਼ਾਲਸਾ ਵਿਖੇ ਡਰੋਨ ਸ਼ੋਅ ਅਤੇ 6 ਵਜੇ ਮੁੱਖ ਪੰਡਾਲ 'ਚ ਕਥਾ ਤੇ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | 25 ਨਵੰਬਰ ਸਵੇਰੇ 10 ਵਜੇ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਦੇ ਮੁੱਖ ਪੰਡਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ, ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਵੀ ਸੰਗਤ ਸਮੇਤ ਹਾਜ਼ਰ ਰਹਿਣਗੇ | 11 ਵਜੇ ਸੂਬਾ ਪੱਧਰੀ ਖ਼ੂਨਦਾਨ ਅਤੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਵਿਰਾਸਤ-ਏ-ਖ਼ਾਲਸਾ ਤੋਂ ਹੋਵੇਗੀ | ਦੁਪਹਿਰ 12 ਵਜੇ ਤੋਂ ਮੁੱਖ ਪੰਡਾਲ ਵਿਖੇ ਸਰਬੱਤ ਦਾ ਭਲਾ ਇਕੱਤਰਤਾ ਹੋਵੇਗੀ ਜਿਸ 'ਚ ਉੱਘੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ | ਸ਼ਾਮ 5 ਵਜੇ ਡਰੋਨ ਸ਼ੋਅ ਨਾਲ ਤਿੰਨਾਂ ਦਿਨਾਂ ਦੇ ਮਹਾਨ ਸਮਾਗਮਾਂ ਦੀ ਸਮਾਪਤੀ ਹੋਵੇਗੀ | ਵੈਸੇ ਇਹ ਡਰੋਨ ਸ਼ੋਅ ਵਿਰਾਸ਼ਤ ਏ ਖ਼ਾਲਸਾ ਅਤੇ ਰੋਸ਼ਨੀ ਤੇ ਅਵਾਜ ਸੋਅ ਚਰਨ ਗੰਗਾ ਸਟੇਡੀਅਮ ਵਿਖੇ 29 ਨਵੰਬਰ ਤੱਕ ਜਾਰੀ ਰਹੇਗਾ |