ਸੰਗਰੂਰ/ਧਰਮਗੜ੍ਹ, 23 ਨਵੰਬਰ (ਸੁਖਵਿੰਦਰ ਸਿੰਘ ਫੁੱਲ/ਗੁਰਜੀਤ ਸਿੰਘ ਚਹਿਲ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸਥਾਨਾਂ 'ਤੇ ਵਿਸ਼ੇਸ਼ ਸਮਾਗਮ ਕਰਵਾਏ ਗਏ | ਉਕਤ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਮੁੱਖ ਗ੍ਰੰਥੀ ਦਰਬਾਰ ਸਾਹਿਬ ਅੰਮਿ੍ਤਸਰ ਨੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ 'ਚ ਕਰਵਾਏ ਸਮਾਗਮ ਮੌਕੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਬਲੀਦਾਨ ਧਰਮ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਦਾ ਵਿਲੱਖਣ ਪ੍ਰਤੀਕ ਹੈ | ਉਨ੍ਹਾਂ ਦੱਸਿਆ ਕਿ ਕੈਨੇਡਾ, ਯੂ.ਕੇ., ਅਮਰੀਕਾ ਅਤੇ ਆਸਟੇ੍ਰਲੀਆ ਵਿਖੇ ਸਥਿਤ ਗੁਰਦੁਆਰਾ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਕੌਮ ਨੂੰ ਉਨ੍ਹਾਂ ਦੇ ਦੱਸੇ ਰਾਹ 'ਤੇ ਤੁਰਨ ਦਾ ਬਲ ਪ੍ਰਾਪਤ ਹੋਵੇ | ਉਨ੍ਹਾਂ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਾਲੇ ਹੜ੍ਹ ਪੀੜਤਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ | ਇਸ ਮੌਕੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਵਲੋਂ ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ |