ਜਲੰਧਰ, 5 ਦਸੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਬੀਤੇ ਕੱਲ੍ਹ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਕੀਤੀ ਗਈ ਧੱਕੇਸ਼ਾਹੀ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਲੋਕਰਾਜ ਦਾ ਕਤਲ ਕਰਾਰ ਦਿੱਤਾ ਹੈ | ਉਨ੍ਹਾਂ ਅੱਜ ਇੱਥੇ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਾਡਾਲਾ, ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ. ਸੁਰਜੀਤ ਸਿੰਘ ਚੀਮਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਜਸਵਿੰਦਰ ਸਿੰਘ ਸਮੇਤ ਹੋਰਨਾਂ ਆਗੂਆਂ ਦੀ ਮੌਜੂਦਗੀ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸ਼ਰੇ੍ਹਆਮ ਉਮੀਦਵਾਰਾਂ ਦੇ ਹੱਥਾਂ 'ਚੋਂ ਖੋਹ-ਖੋਹ ਕੇ ਫਾਈਲਾਂ ਹੀ ਨਹੀਂ ਪਾੜੀਆਂ ਗਈਆਂ ਸਗੋਂ ਉਮੀਦਵਾਰਾਂ ਦੇ ਅਸਲੀ ਸਰਟੀਫਿਕੇਟ ਤੱਕ ਲੀਰੋ ਲੀਰ ਕਰ ਦਿੱਤੇ ਗਏ | ਉਨ੍ਹਾਂ ਇਸ ਨੂੰ ਸਿੱਧੇ ਤੌਰ 'ਤੇ ਦੇਸ਼ ਦੇ 'ਪੰਚਾਇਤੀ ਰਾਜ ਐਕਟ 1992' ਦੀ ਘੋਰ ਉਲੰਘਣਾ ਦੱਸਦੇ ਹੋਏ ਚੋਣ ਕਮਿਸ਼ਨ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਲੋਕਰਾਜ 'ਚ ਚੋਣਾਂ ਲੜਨਾ ਹਰ ਉਮੀਦਵਾਰ ਦਾ ਹੱਕ ਹੈ ਤੇ ਉਸ ਦਾ ਇਹ ਹੱਕ ਇਸ ਤਰ੍ਹਾਂ ਧੱਕੇ ਨਾਲ ਨਹੀਂ ਖੋਹਿਆ ਜਾ ਸਕਦਾ ਤੇ ਉਨ੍ਹਾਂ ਦੀ ਪਾਰਟੀ ਇਸ ਧੱਕੇਸ਼ਾਹੀ ਦਾ ਹਰ ਪੱਧਰ 'ਤੇ ਵਿਰੋਧ ਕਰੇਗੀ | ਇਸ ਮੌਕੇ ਸ. ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਵਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਸਾਫ-ਸੁਥਰੇ ਅਕਸ ਵਾਲੇ ਤੇ ਲੋਕ ਪੱਖੀ ਆਜ਼ਾਦ ਉਮੀਦਵਾਰਾਂ ਦੀ ਡੱਟ ਕੇ ਹਮਾਇਤ ਕੀਤੀ ਜਾਵੇਗੀ |