ਰਾਜੇਸ਼ ਕੁਮਾਰ ਸ਼ਰਮਾ
ਅੰਮਿ੍ਤਸਰ, 6 ਦਸੰਬਰ-ਪਾਈਟੈਕਸ ਸਮਾਗਮ ਜਿੱਥੇ ਉੱਤਰੀ ਭਾਰਤ ਦੇ ਆਰਥਿਕ ਤਾਣੇ-ਬਾਣੇ ਨੂੰ ਮਜ਼ਬੂਤ ਕਰ ਰਿਹਾ ਹੈ, ਉਥੇ ਹੀ ਆਪਸੀ ਭਾਈਚਾਰੇ ਨੂੰ ਵੀ ਅੱਗੇ ਵਧਾਉਣ 'ਚ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ | ਪਿਛਲੇ ਕੁਝ ਸਾਲਾਂ ਤੋਂ ਪਾਈਟੈਕਸ ਅਜਿਹਾ ਸਮਾਗਮ ਬਣ ਗਿਆ ਹੈ ਜਿਸ ਨੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਦਾ ਮੌਕਾ ਦਿੱਤਾ ਹੈ | ਇਹ ਵਿਚਾਰ ਹਰਿਆਣਾ ਦੇ ਰਾਜਪਾਲ ਅਸ਼ੀਮ ਘੋਸ਼ ਨੇ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ 19ਵੇਂ ਪਾਈਟੈਕਸ ਮੇਲੇ ਦੌਰਾਨ ਟਰੇਡ ਇੰਡਸਟਰੀ ਅਤੇ ਰੀਜ਼ਨਲ ਗ੍ਰੋਥ 'ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ | ਇਸ ਤੋਂ ਪਹਿਲਾਂ ਪੀ. ਐਚ. ਡੀ. ਸੀ. ਸੀ. ਆਈ. ਪੰਜਾਬ ਚੈਪਟਰ ਦੇ ਚੇਅਰ ਕਰਨ ਗਿਲਹੋਤਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਪਾਈਟੈਕਸ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ ਨੇ ਚੈਂਬਰ ਦੀ ਸਥਾਪਨਾ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪੀ. ਐਚ. ਡੀ. ਸੀ. ਸੀ. ਆਈ. ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਚੈਂਬਰ ਹਰਿਆਣਾ 'ਚ ਵੀ ਇਸੇ ਤਰ੍ਹਾਂ ਦੇ ਸਮਾਗਮਾਂ ਦਾ ਆਯੋਜਨ ਕਰੇਗਾ, ਜਿਸ ਲਈ ਹਰਿਆਣਾ ਸਰਕਾਰ ਦੇ ਸਮਰਥਨ ਦੀ ਲੋੜ ਹੋਵੇਗੀ | ਇਸ ਮੌਕੇ 'ਤੇ ਅੰਮਿ੍ਤਸਰ ਜ਼ੋਨ ਕੋਆਰਡੀਨੇਟਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ |
ਉੱਤਰੀ ਭਾਰਤ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰ ਰਿਹਾ 'ਪਾਈਟੈਕਸ'-ਅਸ਼ੀਮ ਘੋਸ਼ <br/>
ਅਜੀਤ ਡੈਸਕ
07-12-2025