ਗੁਰੂਸਰ ਸੁਧਾਰ (ਜਗਰਾਓਾ), ਟੱਲੇਵਾਲ (ਬਰਨਾਲਾ), 7 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ, ਸੋਨੀ ਚੀਮਾ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਸਥਿਤ ਪਿੰਡ ਬੁਢੇਲ ਤੋਂ ਬੋਪਾਰਾਏ ਕਲਾਂ ਲਿੰਕ ਸੜਕ 'ਤੇ ਬੀਤੇ ਕੱਲ੍ਹ ਦੇਰ ਸ਼ਾਮ ਵਾਪਰੇ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮੋਟਰਸਾਈਕਲ (ਪੀ.ਬੀ.10.ਡੀ.ਈ.1286) 'ਤੇ ਸਵਾਰ ਹੋ ਕੇ ਪਿੰਡ ਬੋਪਾਰਾਏ ਕਲਾਂ ਤੋਂ ਰਾਜਮਾਰਗ ਮੁੱਖ ਸੜਕ ਵੱਲ ਨੂੰ ਆ ਰਹੇ ਪਰਵਿੰਦਰ ਸਿੰਘ (22) ਪੁੱਤਰ ਮਲਕੀਤ ਸਿੰਘ, ਅਕਾਸ਼ਦੀਪ ਸਿੰਘ (25) ਪੁੱਤਰ ਬਲਜਿੰਦਰ ਸਿੰਘ, ਅੰਮਿ੍ਤਪਾਲ ਸਿੰਘ (21) ਪੁੱਤਰ ਜਗਸੀਰ ਸਿੰਘ ਤਿੰਨੇ ਵਾਸੀ ਪਿੰਡ ਗਹਿਲ ਥਾਣਾ ਟੱਲੇਵਾਲ ਜ਼ਿਲ੍ਹਾ ਬਰਨਾਲਾ ਦੀ ਟੱਕਰ ਸਾਹਮਣੇ ਤੋਂ ਬੋਪਾਰਾਏ ਕਲਾਂ ਵੱਲ ਨੂੰ ਜਾ ਰਹੀ ਟਰੈਕਟਰ ਟਰਾਲੀ ਨਾਲ ਹੋ ਗਈ | ਇਸ ਦੇ ਸਿੱਟੇ ਵਜੋਂ ਪਰਵਿੰਦਰ ਸਿੰਘ ਨੇ ਮੌਕੇ 'ਤੇ ਦਮ ਤੋੜ ਦਿੱਤਾ ਜਦਕਿ ਗੰਭੀਰ ਜ਼ਖ਼ਮੀ ਅਕਾਸ਼ਦੀਪ ਸਿੰਘ ਤੇ ਅੰਮਿ੍ਤਪਾਲ ਸਿੰਘ ਨੂੰ ਥਾਣਾ ਸੁਧਾਰ ਦੇ ਏ.ਐਸ.ਆਈ. ਗੁਰਨਾਮ ਸਿੰਘ ਵਲੋਂ ਐਂਬੂਲੈਂਸ ਰਾਹੀਂ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਪਰ ਉਹ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਬਾਅਦ ਵਿਚ ਦਮ ਤੋੜ ਗਏ | ਥਾਣਾ ਸੁਧਾਰ ਪੁਲਿਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਤੇ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਥਾਣੇ ਵਿਖੇ ਮੌਜੂਦ ਪਿੰਡ ਗਹਿਲ ਦੇ ਸਰਪੰਚ ਬਲਵੀਰ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਧਾਰਨ ਪਰਿਵਾਰਾਂ ਨਾਲ ਸਬੰਧਿਤ ਨੌਜਵਾਨਾਂ ਵਿਚੋਂ ਅਕਾਸ਼ਦੀਪ ਸਿੰਘ ਤੇ ਅੰਮਿ੍ਤਪਾਲ ਸਿੰਘ ਦੇ ਪਿਤਾ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਹਨ | ਜਾਣਕਾਰੀ ਅਨੁਸਾਰ ਪਰਵਿੰਦਰ ਸਿੰਘ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ ਤੇ ਬਾਕੀ ਦੋਵੇਂ ਨੌਜਵਾਨ ਵੀ ਪੜ੍ਹਾਈ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਕਰਦੇ ਸਨ | ਪਿੰਡ ਗਹਿਲ ਦੇ ਇਕ ਨਿਵਾਸੀ ਨੇ ਦੱਸਿਆ ਕਿ ਇਸ ਮੰਦਭਾਗੀ ਘਟਨਾ ਦੇ ਚੱਲਦਿਆਂ ਪੂਰੇ ਪਿੰਡ ਵਿਚ ਰਾਤ ਚੁੱਲ੍ਹਾ ਨਹੀਂ ਬਲਿਆ | ਮਿ੍ਤਕ ਨੌਜਵਾਨ ਪਰਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਦਕਿ ਅਕਾਸ਼ਦੀਪ ਸਿੰਘ ਇਕ ਭੈਣ ਦਾ ਇਕਲੌਤਾ ਭਰਾ ਸੀ | ਥਾਣਾ ਮੁਖੀ ਸੁਧਾਰ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ | ਪੁਲਿਸ ਨੇ ਮਿ੍ਤਕ ਦੇਹਾਂ ਨੂੰ ਪੋਸਟਮਾਰਟਮ ਲਈ ਆਪਣੇ ਕਬਜ਼ੇ ਵਿਚ ਲੈ ਲਿਆ ਹੈ | ਜ਼ਿਕਰਯੋਗ ਹੈ ਕਿ ਮਿ੍ਤਕ ਤਿੰਨੇ ਨੌਜਵਾਨ ਅਜੇ ਕੁਆਰੇ ਸਨ |