ਤਪਾ ਮੰਡੀ (ਬਰਨਾਲਾ), 7 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬੀਤੀ ਰਾਤ ਪਿੰਡ ਘੁੰਨਸ ਵਿਖੇ ਕੁੱਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ | ਮਾਮਲੇ ਸੰਬੰਧੀ ਡੀ.ਐਸ.ਪੀ. ਤਪਾ ਗੁਰਪ੍ਰੀਤ ਸਿੰਘ ਸਿੱਧੂ ਅਤੇ ਥਾਣਾ ਮੁਖੀ ਸ਼ਰੀਫ਼ ਖ਼ਾਨ ਨੇ ਦੱਸਿਆ ਕਿ ਪੁਲਿਸ ਕੋਲ ਮਿ੍ਤਕ ਤਰਸੇਮ ਸਿੰਘ ਉਰਫ ਸੇਮੀ ਦੇ ਭਰਾ ਰੇਸ਼ਮ ਸਿੰਘ ਉਰਫ ਰੋਸੀ ਪੁੱਤਰ ਬੂਟਾ ਸਿੰਘ ਵਾਸੀ ਚੰਡੀਗੜ੍ਹ ਬਸਤੀ ਘੁੰਨਸ ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਮੇਰਾ ਭਰਾ ਪਿੰਡ ਮਹਿਤਾ ਵਿਖੇ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ | ਬੀਤੀ ਰਾਤ ਤਰਸੇਮ ਸਿੰਘ ਅਤੇ ਉਸ ਦਾ ਸਾਥੀ ਜੋ ਆਲਟੋ ਕਾਰ 'ਤੇ ਸਵਾਰ ਹੋ ਕੇ ਆਏ ਸਨ, ਮੇਨ ਹਾਈਵੇ ਵੱਲ ਜਾਂਦੀ ਲਿੰਕ ਰੋਡ 'ਤੇ ਬਣੇ ਸ਼ਰਾਬ ਦੇ ਠੇਕੇ 'ਤੇ ਖੜੇ੍ਹ ਸਨ, ਜਿਨ੍ਹਾਂ ਨਾਲ ਪਿੰਡ ਦੇ ਹੀ ਕੁੱਝ ਵਿਅਕਤੀ ਕਿਸੇ ਪੁਰਾਣੀ ਗੱਲ ਨੂੰ ਲੈ ਕੇ ਲੜਾਈ ਝਗੜਾ ਕਰਨ ਲੱਗ ਪਏ ਤੇ ਇਸ ਬਾਰੇ ਪਤਾ ਲੱਗਣ 'ਤੇ ਮੈਂ ਤੁਰੰਤ ਉਥੇ ਪੁੱਜਾ ਜਿਥੇ ਸਾਡੇ ਗੁਆਂਢੀਆਂ ਦੇ ਲੜਕੇ ਮੇਰੇ ਭਰਾ ਅਤੇ ਉਸ ਦੇ ਸਾਥੀ ਨਾਲ ਝਗੜਾ ਕਰ ਰਹੇ ਸੀ, ਤਾਂ ਇਕ ਵਿਅਕਤੀ ਨੇ ਡਾਂਗ ਚੁੱਕ ਕਿ ਉਨ੍ਹਾਂ ਦੀ ਆਲਟੋ ਕਾਰ ਦਾ ਸ਼ੀਸ਼ਾ ਭੰਨ ਦਿੱਤਾ, ਇਸੇ ਦੌਰਾਨ ਪਤਾ ਲੱਗਣ 'ਤੇ ਮੇਰੇ ਭਰਾ ਦੇ ਹੋਰ ਸਾਥੀ ਆਪਣੀ ਵਰਨਾ ਕਾਰ ਵਿਚ ਆ ਗਏ, ਉਪਰੰਤ ਮੈਂ ਝਗੜਾ ਕਰਨ ਤੋਂ ਰੋਕਦੇ ਹੋਏ ਸਮਝਾ ਕੇ ਘਰ ਭੇਜ ਦਿੱਤੇ ਅਤੇ ਮੇਰਾ ਭਰਾ ਸਮੇਤ ਆਪਣੇ ਸਾਥੀਆਂ ਨਾਲ ਵਰਨਾ ਕਾਰ ਵਿਚ ਸਵਾਰ ਹੋ ਕੇ ਘਰ ਕੱਪੜੇ ਚੁੱਕਣ ਆਏ ਤਾਂ ਉਥੇ ਫਿਰ ਦੁਬਾਰਾ ਉਕਤ ਵਿਅਕਤੀ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਆ ਗਏ ਅਤੇ ਆਉਂਦਿਆਂ ਸਾਰ ਹੀ ਪਹਿਲਾਂ ਤਾਂ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਫਿਰ ਕਾਰ ਦੀ ਭੰਨ ਤੋੜ ਕਰ ਦਿੱਤੀ, ਜਿਸ 'ਤੇ ਗੱਡੀ ਵਿਚ ਸਵਾਰ ਮਨਦੀਪ ਸਿੰਘ ਅਤੇ ਹਰਦੀਪ ਸਿੰਘ ਆਪੋ ਅਪਣਾ ਬਚਾਅ ਕਰਦੇ ਹੋਏ ਬਾਹਰ ਆ ਗਏ ਜਦਕਿ ਮੇਰਾ ਭਰਾ ਤਰਸੇਮ ਸਿੰਘ ਜੋ ਕਾਰ ਦੀ ਪਿਛਲੀ ਸੀਟ ਪਰ ਬੈਠਾ ਸੀ ਅਤੇ ਆਪਣੇ ਬਚਾਅ ਲਈ ਹੇਠਾਂ ਉਤਰਨ ਲੱਗਾ ਤਾਂ ਉਕਤ ਵਿਅਕਤੀਆਂ ਨੇ ਉਸ 'ਤੇ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਕਥਿਤ ਦੋਸ਼ੀਆਂ ਜੋਨੀ ਸਿੰਘ ਪੁੱਤਰ ਨਿਰਮਲ ਸਿੰਘ, ਅੰਮਿ੍ਤਪਾਲ ਸਿੰਘ ਉਰਫ ਰੋਡੂ ਪੁੱਤਰ ਦਰਸ਼ਨ ਸਿੰਘ, ਸਿਕੰਦਰ ਸਿੰਘ ਉਰਫ ਨੂਰੀ ਪੁੱਤਰ ਦਰਸ਼ਨ ਸਿੰਘ, ਗੁਰਦੀਪ ਸਿੰਘ ਉਰਫ ਬੱਛਾ ਪੁੱਤਰ ਪੱਪੂ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਰਸ਼ਨ ਸਿੰਘ ਵਾਸੀ ਘੁੰਨਸ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |