ਗੁਰਾਇਆ (ਜਲੰਧਰ), 7 ਦਸੰਬਰ (ਬਲਵਿੰਦਰ ਸਿੰਘ)-ਪਿੰਡ ਬੁੰਡਾਲਾ ਵਿਖੇ ਸੀ.ਪੀ.ਆਈ. (ਐਮ) ਦੇ ਸਾਬਕਾ ਕੌਮੀ ਜਨਰਲ ਸਕੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 17ਵੀਂ ਬਰਸੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. (ਐਮ) ਦੇ ਜਨਰਲ ਸਕੱਤਰ ਕਾਮਰੇਡ ਐਮ.ਏ. ਬੇਬੀ ਨੇ ਕਿਹਾ ਕਿ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਦੇਸ਼ ਅਤੇ ਦੁਨੀਆਂ ਵਿਚ ਫ਼ਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਤਾਕਤਾਂ ਦੇ ਮਨਸੂਬੇ ਅਸਫਲ ਕਰਨ ਲਈ ਜ਼ਮੀਨੀ ਪੱਧਰ 'ਤੇ ਵਿਚਾਰਧਾਰਕ ਲੜਾਈ ਲੜਨ ਵਿਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ | ਇਸ ਸਮਾਗਮ ਦੇ ਮੁੱਖ ਮਹਿਮਾਨ ਕਿਊਬਾ ਦੇਸ਼ ਦੇ ਰਾਜਦੂਤ ਕਾਮਰੇਡ ਜੁਆਨ ਕਾਰਲੋਸ ਮਾਰਸਨ ਐਕੂਇਲੇਰਾ ਸਨ | ਇਸ ਮੌਕੇ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਅਤੇ ਪੰਜਾਬ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੀ ਮੌਜੂਦ ਸਨ | ਇਸ ਮੌਕੇ ਸੀ.ਪੀ.ਆਈ.(ਐਮ) ਦੀ ਪੰਜਾਬ ਇਕਾਈ ਵਲੋਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਵਿਚ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਡਰਾਫ਼ਟ ਕਿਊਬਾ ਦੇ ਰਾਜਦੂਤ ਕਾਮਰੇਡ ਐਕੂਇਲੇਰਾ ਨੂੰ ਭੇਟ ਕੀਤਾ | ਇਸ ਤੋਂ ਬਿਨਾਂ ਪਾਰਟੀ ਦੀ ਕੇਂਦਰੀ ਕਮੇਟੀ ਨੂੰ ਦੋ ਲੱਖ ਰੁਪਏ ਦਿੱਤੇ ਗਏ | ਕਾਮਰੇਡ ਐਮ.ਏ. ਬੇਬੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਸੁਰਜੀਤ ਆਪਣੀ ਪੂਰੀ ਜ਼ਿੰਦਗੀ ਫ਼ਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਤਾਕਤਾਂ ਖਿਲਾਫ਼ ਲੜਦੇ ਰਹੇ ਹਨ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਕਾਮਰੇਡ ਜੁਆਨ ਕਾਰਲੋਸ ਮਾਰਸਨ ਐਕੂਇਲੇਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਮਰੇਡ ਸੁਰਜੀਤ ਦੇ ਜੱਦੀ ਪਿੰਡ ਬੁੰਡਾਲਾ ਆ ਕੇ ਬਹੁਤ ਖ਼ੁਸ਼ੀ ਹੋਈ ਹੈ | ਕਾਮਰੇਡ ਐਕੁਇਲੇਰਾ ਨੇ ਕਿਹਾ ਕਿ ਕਿਊਬਾ ਦੇ ਲੋਕ ਅੱਜ ਵੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਕਾਮਰੇਡ ਫੀਡਲ ਕਾਸਟਰੋ ਦਾ ਸਤਿਕਾਰਤ ਸ਼ਖ਼ਸੀਅਤ ਦੇ ਬਰਾਬਰ ਦਾ ਸਤਿਕਾਰ ਕਰਦੇ ਹਨ | ਸਮਾਗਮ ਦੌਰਾਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਆਪਣਾ ਸਿਆਸੀ ਜੀਵਨ 15-16 ਸਾਲਾਂ ਦੀ ਉਮਰ ਵਿਚ ਸੰਨ 1931-32 ਵਿਚ ਸ਼ੁਰੂ ਕੀਤਾ ਅਤੇ ਅੰਤਿਮ ਸਾਹਾਂ ਤੱਕ ਫ਼ਿਰਕੂ ਫਾਸ਼ੀਵਾਦੀ ਅਤੇ ਸਾਮਰਾਜੀ ਤਾਕਤਾਂ ਵਿਰੁੱਧ ਡੱਟ ਕੇ ਲੜਦੇ ਰਹੇ ਹਨ | ਇਸ ਸਮਾਗਮ ਨੂੰ ਕਾਮਰੇਡ ਪਿ੍ਥੀਪਾਲ ਸਿੰਘ ਮਾੜੀ ਮੇਘਾ, ਕਾਮਰੇਡ ਗੁਰਮੀਤ ਸਿੰਘ ਬਖ਼ਤਪੁਰਾ, ਪ੍ਰਗਟ ਸਿੰਘ ਵਿਧਾਇਕ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ, ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 'ਤੇ ਪਾਰਟੀ ਦੇ ਬਜ਼ੁਰਗ ਕਾਮਰੇਡ ਮੋਹਨ ਸਿੰਘ ਜ਼ਿਲ੍ਹਾ ਪਠਾਨਕੋਟ ਨੂੰ ਵਿਸ਼ੇਸ਼ ਸਨਮਾਨਿਤ ਕੀਤਾ | ਇਸ ਮੌਕੇ ਤਿੰਨੋਂ ਸ਼ਖ਼ਸੀਅਤਾਂ ਕਾਮਰੇਡ ਐਮ.ਏ. ਬੇਬੀ , ਕਾਮਰੇਡ ਨਿਲੋਤਪਾਲ ਬਾਸੂ ਅਤੇ ਕਾਮਰੇਡ ਐਕੂਇਲੇਰਾ ਦਾ ਵੀ ਸਨਮਾਨ ਕੀਤਾ ਗਿਆ | ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਸੂਬਾਈ ਆਗੂਆਂ ਕਾਮਰੇਡ ਭੂਪ ਚੰਦ ਚੰਨੋਂ ਅਤੇ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਕੀਤੀ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ |