ਚੇਨਈ, 7 ਦਸੰਬਰ (ਪੀ.ਟੀ.ਆਈ.)-ਭਾਰਤ ਨੂੰ ਕਮਜ਼ੋਰ ਡਿਫੈਂਸ ਤੇ ਪਹਿਲੇ ਹਾਫ ਵਿਚ ਤਿੰਨ ਗੋਲ ਗੁਆਉਣ ਦਾ ਨਤੀਜਾ ਭੁਗਤਣਾ ਪਿਆ ਜਦੋਂ 7 ਵਾਰ ਦੇ ਚੈਂਪੀਅਨ ਜਰਮਨੀ ਨੇ ਐਤਵਾਰ ਨੂੰ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮੇਜ਼ਬਾਨ ਟੀਮ ਨੂੰ 5-1 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ | ਭਾਰਤੀ ਟੀਮ ਹੁਣ 10 ਦਸੰਬਰ ਨੂੰ ਕਾਂਸੀ ਦੇ ਤਗਮੇ ਲਈ ਅਰਜਨਟੀਨਾ ਨਾਲ ਭਿੜੇਗੀ, ਜਿਸ ਨੂੰ ਸਪੇਨ ਨੇ ਦੂਜੇ ਸੈਮੀਫਾਈਨਲ ਵਿਚ 2-1 ਨਾਲ ਹਰਾਇਆ ਸੀ | ਜਰਮਨੀ ਲਈ ਲੁਕਾਸ ਕੋਸੇਲ (14ਵੇਂ ਅਤੇ 30ਵੇਂ ਮਿੰਟ), ਵੇਕਸ ਟਾਈਟਸ (15ਵੇਂ), ਜੋਨਸ ਵਾਨ ਗਰਸਮ (40ਵੇਂ) ਅਤੇ ਬੇਨ ਹਸਬਾਸ਼ (49ਵੇਂ) ਨੇ ਗੋਲ ਕੀਤੇ, ਜਦੋਂ ਕਿ ਅਨਮੋਲ ਏਕਾ ਨੇ 51ਵੇਂ ਮਿੰਟ ਵਿਚ ਭਾਰਤ ਲਈ ਇਕੋ ਇਕ ਗੋਲ ਕੀਤਾ | ਮੈਚ ਦੇ ਹਰ ਪਲ 2 ਵਾਰ ਦੇ ਚੈਂਪੀਅਨ ਭਾਰਤ ਤੇ ਜਰਮਨੀ ਦੇ ਪ੍ਰਦਰਸ਼ਨ ਵਿਚ ਅੰਤਰ ਸਪੱਸ਼ਟ ਸੀ | ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿਚ ਭਾਰਤ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ ਦਰਸ਼ਕ ਇਸ ਪ੍ਰਦਰਸ਼ਨ ਤੋਂ ਬਹੁਤ ਨਿਰਾਸ਼ ਸਨ |