ਜਲੰਧਰ, 7 ਦਸੰਬਰ (ਡਾ. ਜਤਿੰਦਰ ਸਾਬੀ)-37ਵੀਂ ਸਬ ਜੂਨੀਅਰ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ 2025 ਅੰਡਰ 15 ਤੇ 19 ਸਾਲ ਵਰਗ 'ਚ ਜੋ 1 ਤੋਂ 6 ਦਸੰਬਰ ਤੱਕ ਭੁਵਨੇੇਸ਼ਵਰ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚੋਂ ਪੰਜਾਬ ਦੇ ਬੈਡਮਿੰਟਨ ਖਿਡਾਰੀਆਂ ਨੇ ਨਵਾਂ ਕੀਰਤੀਮਾਨ ਸਥਾਪਿਤ ਕਰਕੇ 1 ਸੋਨ, 1 ਚਾਂਦੀ ਤੇ 4 ਕਾਂਸੀ ਦੇ ਤਗਮੇ ਜਿੱਤ ਕੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦਾ ਮਾਣ ਪੂਰੇ ਦੇਸ਼ 'ਚ ਵਧਾਇਆ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਨ ਖੰਨਾ ਨੇ ਦੱਸਿਆ ਕਿ ਪੰਜਾਬ ਦੇ ਖਿਡਾਰੀਆਂ ਨੇ ਬੈਡਮਿੰਟਨ ਦਾ ਨਵਾਂ ਖੇਡ ਇਤਿਹਾਸ ਸਿਰਜਿਆ ਹੈ ਤੇ ਸਾਰੇ ਤਗਮਾਂ ਜੇਤੂ ਖਿਡਾਰੀ ਵਧਾਈ ਦੇ ਪਾਤਰ ਹਨ | ਚੈਂਪੀਅਨਸ਼ਿਪ 'ਚ ਜਗਸ਼ੇਰ ਸਿੰਘ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬ ਦੇ ਵਿਰਾਜ ਸ਼ਰਮਾ ਨੇ ਚਾਂਦੀ ਦਾ ਤਗਮਾ ਹਾਸਿਲ ਕੀਤਾ | ਇਨਾਇਤ ਨੇ 2 ਕਾਂਸੀ ਦੇ ਤਗਮੇ ਜਿੱਤੇ | ਜੋਰਾਵਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ, ਵਜੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਦੋਨੋ ਪੰਜਾਬ ਦੇ ਖਿਡਾਰੀ ਫਾਈਨਲ 'ਚ ਪੁੱਜੇ ਸਨ ਜੋ ਕਿ ਇਕ ਮਾਣ ਵਾਲੀ ਗੱਲ ਹੈ | ਇਨਾਇਤ ਗੁਲਾਟੀ ਨੇ ਅੰਡਰ 15 ਸਾਲ ਵਰਗ 'ਚੋਂ ਸਿੰਗਲ ਤੇ ਡਬਲਜ਼ ਵਰਗ 'ਚੋਂ ਦੋ ਕਾਂਸੀ ਦੇ ਤਗਮੇ ਜਿੱਤੇ ਤੇ ਜੋਰਾਵਰ ਸਿੰਘ ਨੇ ਅੰਡਰ 15 ਸਾਲ ਵਰਗ 'ਚੋਂ ਕਾਂਸੀ ਦਾ ਤਗਮਾ ਹਾਸਿਲ ਕੀਤਾ ਇਹ ਦੋਨੋ ਖਿਡਾਰੀ ਰੱਤੀ ਬੈਡਮਿੰਟਨ ਅਕੈਡਮੀ ਦੋਆਬਾ ਕਾਲਜ ਨਾਲ ਸੰਬੰਧਤ ਹਨ ਤੇ ਇਸ ਬੈਡਮਿੰਟਨ ਅਕੈਡਮੀ 'ਚ ਪ੍ਰੈਕਟਿਸ ਕਰਦੇ ਹਨ | ਰਿਤਨ ਖੰਨਾ ਨੇ ਦੱਸਿਆ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਨੇ ਦੇਸ਼ ਨੂੰ ਕਈ ਨਾਮੀ ਕੌਮਾਂਤਰੀ ਖਿਡਾਰੀ ਦਿੱਤੇ ਹਨ ਤੇ ਜਿਨ੍ਹਾਂ 'ਚ ਤਨਵੀ ਸ਼ਰਮਾ, ਪਲਕ ਕੋਹਲੀ, ਅਭਿਨਵ ਠਾਕੁਰ ਤ ੇਜਗਸ਼ੇਰ ਖੰਗੂੜਾ ਸ਼ਾਮਿਲ ਹਨ | ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਮੀਤ ਹੇਅਰ ਤੇ ਜਨਰਲ ਸਕੱਤਰ ਰਿਤਨ ਖੰਨਾ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ |