ਐਡੀਲੇਡ, 7 ਦਸੰਬਰ (ਗੁਰਮੀਤ ਸਿੰਘ ਵਾਲੀਆ)-ਰਿਵਰਲੈਂਡ ਸਥਿਤ ਗਲੌਸਪ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਰੈਣ ਸਬਾਈ ਅਖੰਡ ਕੀਰਤਨ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਸਥਾਨਕ ਅਤੇ ਦੂਰਦਰਾਜ਼ ਇਲਾਕਿਆਂ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਇਸ ਰੂਹਾਨੀ ਪ੍ਰੋਗਰਾਮ ਵਿਚ ਐਡੀਲੇਡ ਤੋਂ ਪਹੁੰਚੇ ਸਤਿਕਾਰਯੋਗ ਅਖੰਡ ਕੀਰਤਨੀ ਜਥਿਆਂ ਨੇ ਕੀਰਤਨ ਕੀਤਾ | ਅਕਾਲ ਅਕੈਡਮੀ ਸਕੂਲ ਦੇ ਬੱਚਿਆਂ ਅਤੇ ਬੱਚੀਆਂ ਨੇ ਵੀ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਦੌਰਾਨ ਗੁਰਸਿੱਖ ਵਿਦਵਾਨਾਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ, ਤਿਆਗ, ਸ਼ਹਾਦਤ ਅਤੇ ਚਰਿਤਰ ਬਾਰੇ ਵਿਸਥਾਰ ਨਾਲ ਪ੍ਰਕਾਸ਼ ਪਾਇਆ | ਗੁਰੂ ਜੀ ਦੁਆਰਾ ਧਰਮ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤੀ ਗਈ ਸ਼ਹੀਦੀ ਦੀ ਵਿਆਖਿਆ ਨੇ ਸੰਗਤਾਂ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ | ਸੰਗਤ ਨੇ ਪੂਰੇ ਸਮੇਂ ਗੁਰਬਾਣੀ ਕੀਰਤਨ ਦਾ ਅਨੰਦ ਮਾਣਿਆ ਅਤੇ ਰਾਤ ਭਰ ਗੁਰਸਿੱਖੀ ਰਸ ਵਿਚ ਲੀਨ ਰਹੀ | ਰਿਵਰਲੈਂਡ ਸਿੰਘ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵਲੋਂ ਸਮਾਗਮ ਵਿਚ ਪਹੁੰਚੀ ਸਮੂਹ ਸੰਗਤ ਦਾ ਜੀ ਆਇਆਂ ਨੂੰ ਕਹਿ ਕੇ ਤਹਿ ਦਿਲੋਂ ਧੰਨਵਾਦ ਕੀਤਾ |