ਬਟਾਲਾ, 17 ਦਸੰਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿਖੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ 'ਸਾਹਿਬਜ਼ਾਦੇ ਸ਼ਹਾਦਤ ਸਮਾਗਮ' 25 ਤੇ 26 ਦਸੰਬਰ ਨੂੰ ਹੋਣਗੇ | ਗੁਰਦੁਆਰਾ ਸੱਚਖੰਡ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ (ਸਾਬਕਾ ਆਈ.ਏ.ਐਸ.) ਨੇ ਦੱਸਿਆ ਕਿ 25 ਦਸੰਬਰ ਨੂੰ ਮੈਰਾਥਨ ਰੈਲੀ ਸਵੇਰ 8 ਵਜੇ ਗੁਰਦੁਆਰਾ ਗੇਟ ਨੰ. 1 ਤੋਂ ਆਰੰਭ ਹੋ ਕੇ ਬਾਊਲੀ ਸਾਹਿਬ 'ਤੇ ਸਮਾਪਤੀ ਹੋਵੇਗੀ | ਇਸੇ ਦਿਨ ਤਖਤ ਸਾਹਿਬ ਵਿਖੇ 'ਵਿਸ਼ੇਸ਼ ਗੁਰਮਤਿ ਸਮਾਗਮ' ਰਾਤ 8:30 ਤੋਂ 10:30 ਵਜੇ ਤੱਕ ਹੋਣਗੇ, ਜਿਸ ਵਿਚ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਰਾਗੀ ਸਿੰਘ ਤੇ ਕਥਾਕਾਰ ਕੀਰਤਨ ਅਤੇ ਗੁਰਮਤਿ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | 26 ਦਸੰਬਰ ਨੂੰ ਵਿਦਿਆਰਥੀਆਂ ਦੀ 'ਸਦਭਾਵਨਾ ਰੈਲੀ' ਖਾਲਸਾ ਹਾਈ ਸਕੂਲ ਤੋਂ 9:30 ਵਜੇ ਆਰੰਭ ਹੋ ਕੇ ਗੁਰਦੁਆਰਾ ਗੇਟ ਨੰ: ਇਕ 'ਤੇ ਸਮਾਪਤ ਹੋਵੇਗੀ | ਸਵੇਰੇ 11 ਵਜੇ ਮੁਫਤ ਮੈਡੀਕਲ ਕੈਂਪ ਦਸ਼ਮੇਸ਼ ਹਸਪਤਾਲ ਵਿਖੇ ਹੋਵੇਗਾ | ਸਵੇਰੇ 11:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਸਾਹਿਬਜ਼ਾਦਿਆਂ ਦੇ ਸ਼ਹਾਦਤ ਨੂੰ ਸਮਰਪਿਤ ਸਦਭਾਵਨਾ ਸੰਮੇਲਨ ਹੋਵੇਗਾ | 28 ਦਸੰਬਰ ਨੂੰ ਸ਼ਾਹਿਬਜਾਦਿਆਂ ਦੇ ਸ਼ਹਾਦਤ ਨੂੰ ਸਮਰਪਿਤ ਸਵੇਰੇ 10:45 ਤੋਂ 11 ਵਜੇ ਤੱਕ 'ਵਾਹਿਗੁਰੂ ਮੰਤਰ' ਦੇ ਜਾਪ ਹੋਣਗੇ ਅਤੇ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ |
ਨਾਂਦੇੜ ਵਿਖੇ 'ਸਾਹਿਬਜ਼ਾਦੇ ਸ਼ਹਾਦਤ ਸਮਾਗਮ' 25 ਤੇ 26 ਨੂੰ -ਡਾ. ਵਿਜੇ ਸਤਬੀਰ ਸਿੰਘ <br/>
ਅਜੀਤ ਡੈਸਕ
18-12-2025