ਅੰਮਿ੍ਤਸਰ, 19 ਦਸੰਬਰ (ਜਸਵੰਤ ਸਿੰਘ ਜੱਸ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਪਿਛਲੇ ਦਿਨੀਂ ਪੰਜ ਸਿੰਘ ਸਾਹਿਬਾਨ ਵਲੋਂ ਇਕ ਸਾਬਕਾ ਜਥੇਦਾਰ ਦੀ ਸ਼ਾਨ ਵਿਰੁੱਧ ਕੀਤੀਆਂ ਟਿੱਪਣੀਆਂ ਲਈ ਲਗਾਈ ਧਾਰਮਿਕ ਤਨਖ਼ਾਹ ਪੂਰੀ ਕਰਦਿਆਂ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾ ਕੇ, ਤਨਖ਼ਾਹ ਵਜੋਂ ਨੀਯਤ ਭੇਟਾ ਗੋਲਕ ਵਿਚ ਪਾ ਕੇ ਅਰਦਾਸ ਕਰਾਉਣ ਬਾਅਦ ਉਨ੍ਹਾਂ ਦਾ ਹੁਣ ਅਕਾਲੀ ਸਿਆਸਤ ਵਿਚ ਮੁੜ ਸਰਗਰਮ ਹੋਣ ਲਈ ਰਾਹ ਪੱਧਰਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਪੰਜ ਸਿੰਘ ਸਾਹਿਬਾਨ ਵਲੋਂ ਬੀਤੀ 8 ਦਸੰਬਰ ਨੂੰ ਵਿਰਸਾ ਸਿੰਘ ਵਲਟੋਹਾ 'ਤੇ ਤਤਕਾਲੀ ਸਿੰਘ ਸਾਹਿਬਾਨ ਦੁਆਰਾ 15 ਅਕਤੂਬਰ 2024 ਨੂੰ ਉਸ ਦੀ ਅਕਾਲੀ ਦਲ ਵਿਚੋਂ ਦਸ ਸਾਲ ਲਈ ਮੈਂਬਰਸ਼ਿਪ ਖਾਰਜ ਕਰਨ ਦੀ ਲਗਾਈ ਗਈ ਰੋਕ ਨੂੰ ਹਟਾਉਂਦਿਆਂ ਉਸ ਨੂੰ ਅੱਗੇ ਤੋਂ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਦੇ ਵਿਰੁੱਧ ਬਿਆਨਬਾਜੀ ਨਾ ਕਰਨ ਤੇ ਬੋਲਚਾਲ ਵਿਚ ਸੰਜਮ ਅਤੇ ਇਤਫਾਕ ਰੱਖਣ ਦੀ ਹਦਾਇਤ ਕੀਤੀ ਗਈ ਸੀ | ਆਪਣਾ ਦੋਸ਼ ਕਬੂਲ ਕਰਨ 'ਤੇ ਸਿੰਘ ਸਾਹਿਬਾਨ ਨੇ ਵਲਟੋਹਾ ਨੂੰ ਧਾਰਮਿਕ ਤਨਖ਼ਾਹ ਵਲੋਂ ਤਿੰਨ ਦਿਨ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਇਕ ਘੰਟਾ ਜੂਠੇ ਭਾਂਡੇ ਮਾਂਜਣ, ਇੱਕ ਘੰਟਾ ਜੋੜੇ ਝਾੜਣ, ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਇਕ ਦਿਨ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਅਤੇ ਇਕ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਲੰਗਰ ਹਾਲ ਤੇ ਜੋੜਾ ਘਰ ਵਿਖੇ ਇਕ-ਇਕ ਘੰਟਾ ਜੂਠੇ ਭਾਂਡੇ ਮਾਂਜਣ ਤੇ ਜੋੜੇ ਝਾੜਣ ਅਤੇ ਗਿਆਰਾਂ ਦਿਨ ਹਰ ਰੋਜ਼ ਨਿਤਨੇਮ ਤੋਂ ਇਲਾਵਾ ਜਪੁਜੀ ਸਾਹਿਬ, ਕਬਿਯੋਬਾਚ ਬੇਨਤੀ ਚੌਪਈ, ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ਦਾ ਇਕ ਪਾਠ ਕਰਨ ਅਤੇ ਲੱਗੀ ਤਨਖ਼ਾਹ ਪੂਰੀ ਹੋਣ 'ਤੇ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦੀ ਹਦਾਇਤ ਕੀਤੀ ਸੀ | ਅੱਜ ਉਸ ਵਲੋਂ ਅਰਦਾਸ ਕਰਵਾ ਕੇ ਅਤੇ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਆਪਣੀ ਸੁਧਾਈ ਦਾ ਲਿਖਤੀ ਸਰਟੀਫਿਕੇਟ ਵੀ ਪ੍ਰਾਪਤ ਕੀਤਾ ਗਿਆ | ਇਸ ਮੌਕੇ ਸੰਖੇਪ ਗੱਲਬਾਤ ਕਰਦਿਆਂ ਵਲਟੋਹਾ ਨੇ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਮੈਂ ਲਗਾਈ ਗਈ ਨਿਰਧਾਰਤ ਧਾਰਮਿਕ ਤਨਖ਼ਾਹ ਗੁਰਮਤਿ ਮਰਯਾਦਾ ਅਨੁਸਾਰ ਪੂਰੀ ਕਰ ਲਈ ਹੈ | ਮੁੜ ਸਿਆਸੀ ਖੇਤਰ ਵਿਚ ਸਰਗਰਮ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਨੀਂ ਦਿਨੀਂ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ, ਇਸ ਤੋਂ ਬਾਅਦ ਹੀ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰਾਂਗਾ |