ਧਰਮਗੜ੍ਹ (ਸੰਗਰੂਰ), 19 ਦਸੰਬਰ (ਗੁਰਜੀਤ ਸਿੰਘ ਚਹਿਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਸਤੌਜ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ | ਪਿੰਡ ਦੇ ਦੌਰੇ ਮੌਕੇ ਪੰਚਾਇਤ ਦੇ ਨੁਮਾਇੰਦਿਆਂ ਅਤੇ ਹੋਰ ਪਿੰਡ ਵਾਸੀਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਹੀ ਆਪਣੇ ਪਿੰਡ 'ਤੇ ਮਾਣ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਅੱਜ ਕੋਈ ਭਾਸ਼ਣ ਦੇਣ ਨਹੀਂ ਆਏ ਸਗੋਂ ਲੋਕਾਂ ਦੇ ਦੁੱਖ-ਸੁਖ ਵਿਚ ਸ਼ਰੀਕ ਹੋਣ ਲਈ ਪਹੁੰਚੇ ਹਨ | ਭਗਵੰਤ ਮਾਨ ਨੇ ਕਿਹਾ ਕਿ ਆਪਣੇ ਜੱਦੀ ਪਿੰਡ ਵਿਚ ਬਿਤਾਏ ਪਲ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਦਿੰਦੇ ਹਨ ਅਤੇ ਉਹ ਹਮੇਸ਼ਾ ਇਸ ਗੱਲ ਦੇ ਰਿਣੀ ਰਹਿਣਗੇ ਕਿ ਪਿੰਡ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ | ਸਾਰੇ ਪਿੰਡਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਰਨ ਦੀ ਅਪੀਲ ਕੀਤੀ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ 20 ਦਸੰਬਰ ਨੂੰ ਸੂਬੇ ਦੇ ਸਾਰੇ 19000 ਸਕੂਲਾਂ ਵਿਚ ਹੋ ਰਹੀ ਅਧਿਆਪਕ-ਮਾਪੇ ਮਿਲਣੀ (ਪੀ.ਟੀ.ਐਮ.) ਵਿਚ ਮਾਪਿਆਂ ਨੂੰ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚ ਪੀ.ਟੀ.ਐਮ. ਨੂੰ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ ਇਸ ਨੂੰ ਵੱਡਾ ਹੁੰਗਾਰਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਭਵਿੱਖ ਵਿਚ ਮੁਕਾਬਲੇ ਦੇ ਹਾਣ ਦਾ ਬਣਾਉਣ ਵਿਚ ਸਹਾਈ ਹੋਵੇਗਾ | ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਅਧਿਆਪਕਾਂ ਪਾਸੋਂ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲਗਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਸਕੂਲਾਂ ਦੇ ਪਿ੍ੰਸੀਪਲਾਂ ਅਤੇ ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ ਤੋਂ ਵਿਸ਼ਵ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਆਈ.ਆਈ.ਐਮ. ਅਹਿਮਦਾਬਾਦ ਵਿਖੇ ਅਧਿਆਪਕਾਂ ਨੂੰ ਐਡਵਾਂਸਡ ਕੋਚਿੰਗ ਦਿੱਤੀ ਜਾ ਰਹੀ ਹੈ | ਨੌਜਵਾਨਾਂ ਨੂੰ ਰੋਜ਼ਗਾਰ ਦੇਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਹੁਣ ਹਰੇਕ ਕਾਬਲ ਤੇ ਯੋਗ ਨੌਜਵਾਨ ਨੂੰ ਬਿਨਾਂ ਕਿਸੇ ਭਿ੍ਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮਾਰਚ, 2022 ਤੋਂ ਹੁਣ ਤੱਕ 58000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਕਈ ਇਹੋ ਜਿਹੇ ਵੀ ਪਰਿਵਾਰ ਹਨ, ਜਿੱਥੇ ਦੋ ਜਾਂ ਤਿੰਨ ਨੌਕਰੀਆਂ ਮਿਲੀਆਂ ਹਨ | ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ 'ਚ ਕੀਤੇ ਨਵੇਂ ਬਦਲਾਅ ਨੂੰ ਗ਼ਰੀਬਾਂ ਅਤੇ ਸੂਬਿਆਂ ਨੂੰ ਬਰਬਾਦ ਕਰਨ ਵਾਲਾ ਕਦਮ ਦੱਸਿਆ | ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ, ਐਸ.ਪੀ. ਹੈੱਡਕੁਆਟਰ ਸੰਗਰੂਰ, ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਪ੍ਰਭਦੀਪ ਸਿੰਘ ਨੱਥੋਵਾਲ, ਹਰਵਿੰਦਰ ਸਿੰਘ ਖਹਿਰਾ ਸੁਨਾਮ, ਰਣਵੀਰ ਸਿੰਘ ਲਹਿਰਾ, ਰੁਪਿੰਦਰ ਕੌਰ (ਤਿੰਨੇ ਡੀ.ਐਸ.ਪੀ.), ਪਿੰਡ ਸਤੌਜ ਦੇ ਸਰਪੰਚ ਹਰਬੰਸ ਸਿੰਘ ਹੈਪੀ, ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੇ ਬਲਵੀਰ ਸਿੰਘ ਮਾਨ, ਜ਼ਿਲ੍ਹਾ ਪ੍ਰੀਸ਼ਦ ਚੋਣ ਜਿੱਤੇ ਪਵਿੱਤਰ ਸਿੰਘ ਬੈਨੀਪਾਲ ਗੰਢੂਆਂ, ਬਲਾਕ ਸੰਮਤੀ ਚੋਣ ਜਿੱਤੇ ਹਰਵਿੰਦਰਪਾਲ ਰਿਸ਼ੀ ਸਤੌਜ, ਆਪ ਆਗੂ ਲਖਵੀਰ ਸਿੰਘ, ਆਪ ਯੂਥ ਆਗੂ ਜਸਵੀਰ ਸਿੰਘ, ਕੁਲਵਿੰਦਰ ਸਿੰਘ ਚਹਿਲ ਚੇਅਰਮੈਨ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ, ਨੰਬਰਦਾਰ ਗੁਰਜੀਤ ਸਿੰਘ ਸਤੌਜ, ਸਾਬਕਾ ਸਰਪੰਚ ਭੀਮ ਸਿੰਘ, ਮਾਸਟਰ ਸੁਖਦਰਸ਼ਨ ਸਿੰਘ, ਸੁਖਦੇਵ ਸਿੰਘ ਭੁੱਲਰ ਸਤੌਜ ਸੇਵਾਮੁਕਤ ਪਿ੍ੰਸੀਪਲ, ਮਾਸਟਰ ਗੁਰਦੀਪ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ ਗੰਢੂਆਂ ਤੋ ਇਲਾਵਾ ਹੋਰ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ |