ਹੁਸ਼ਿਆਰਪੁਰ, 20 ਦਸੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਕਮਾਲਪੁਰ 'ਚ ਘਰੇਲੂ ਲੜਾਈ ਨੂੰ ਛੁਡਾਉਣ ਲਈ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਮਾਮਲੇ 'ਚ 5 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਜਦਕਿ 3-4 ਹੋਰ ਕਥਿਤ ਦੋਸ਼ੀਆਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮਾਮਲੇ 'ਚ ਕਰਮਵੀਰ ਬਾਲੀ, ਉਸਦੇ ਲੜਕੇ, ਨੂੰਹ ਤੇ ਜਵਾਈ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਉਸਦਾ ਪੋਤਾ ਨਿਤਿਨ ਬਾਲੀ ਫ਼ਿਲਹਾਲ ਫ਼ਰਾਰ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਰਮਵੀਰ ਬਾਲੀ ਦੇ ਘਰ ਹੋਏ ਪਰਿਵਾਰਿਕ ਝਗੜੇ ਨੂੰ ਸੁਲਝਾਉਣ ਲਈ ਉਸਦਾ ਜਵਾਈ ਵਿਨੇ ਕੁਮਾਰ ਮੁਹੱਲਾ ਕਮਾਲਪੁਰ ਵਾਸੀ ਅਜੇ ਸੰਧੂ ਨਾਲ ਉਸਦੇ ਘਰ ਆਇਆ ਅਤੇ ਉਨ੍ਹਾਂ 'ਚ ਵੀ ਤਕਰਾਰ ਹੋ ਗਿਆ। ਇਸ ਦੌਰਾਨ ਕਰਮਵੀਰ ਬਾਲੀ, ਉਸਦੇ ਲੜਕੇ ਕਰਨ ਬਾਲੀ, ਨੂੰਹ ਮੀਨਾ ਬਾਲੀ, ਜਵਾਈ ਵਿਨੇ ਕੁਮਾਰ ਤੇ ਪੋਤੇ ਨਿਤਿਨ ਬਾਲੀ ਨੇ 3-4 ਹੋਰ ਨੌਜਵਾਨਾਂ ਨਾਲ ਮਿਲ ਕੇ ਅਜੇ ਸੰਧੂ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਅਜੇ ਸੰਧੂ ਉੱਥੋਂ ਜਾਣ ਲੱਗਾ ਤਾਂ ਕਥਿਤ ਦੋਸ਼ੀਆਂ ਨੇ ਉਸਦੇ ਸਿਰ 'ਤੇ ਭਾਰੀ ਵਸਤੂ ਨਾਲ ਸੱਟ ਮਾਰੀ ,ਜਿਸ ਤੋਂ ਬਾਅਦ ਉਹ ਹੇਠਾਂ ਡਿਗ ਪਿਆ ਅਤੇ ਇਸ ਤੋਂ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਦੋਂ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਡੀ.ਐਸ.ਪੀ. ਦੇਵਦੱਤ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਘਰੇਲੂ ਲੜਾਈ ਝਗੜੇ ਦਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਲੜਕੀ, ਉਸਦਾ ਪਤੀ ਵਿਨੇ ਕੁਮਾਰ ਤੇ ਉਸਦਾ ਦੋਸਤ ਅਜੇ ਸੰਧੂ ਝਗੜੇ ਨੂੰ ਸ਼ਾਂਤੀ ਨਾਲ ਸੁਲਝਾਉਣ ਆਏ ਸਨ ਪਰੰਤੂ ਇਸ ਦੌਰਾਨ ਹਿੰਸਕ ਝੜਪ ਹੋ ਗਈ, ਜਿਸ 'ਚ ਅਜੇ ਸੰਧੂ ਤੇ ਕਥਿਤ ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਉਸਦੀ ਮੌਤ ਹੋ ਗਈ। ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਗੁਰਸਾਹਿਬ ਸਿੰਘ ਨੇ ਦੱਸਿਆ ਕਿ ਉਕਤ ਕਤਲ ਦੇ ਮਾਮਲੇ 'ਚ 5 ਲੋਕਾਂ ਨੂੰ ਨਾਮਜ਼ਦ ਕਰਕੇ 3-4 ਹੋਰ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 4 ਕਥਿਤ ਦੋਸ਼ੀਆਂ ਕਰਮਵੀਰ ਬਾਲੀ, ਉਸਦੇ ਲੜਕੇ ਕਰਨ ਬਾਲੀ, ਨੂੰਹ ਮੀਨਾ ਰਾਣੀ ਅਤੇ ਜਵਾਈ ਵਿਨੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਉਨ੍ਹਾਂ ਦਾ ਪੋਤਾ ਨਿਤਿਨ ਬਾਲੀ ਫ਼ਰਾਰ ਹੈ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਘਰੇਲੂ ਲੜਾਈ ਛੁਡਾਉਣ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅਜੀਤ ਡੈਸਕ
21-12-2025