ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ ਸਰਬਜੀਤ ਕੌਰ (48) ਵਲੋਂ ਜਥੇ 'ਚੋਂ ਫ਼ਰਾਰ ਹੋ ਕੇ ਪਾਕਿਸਤਾਨੀ ਵਿਅਕਤੀ ਨਾਸਿਰ ਹੁਸੈਨ (43) ਵਾਸੀ ਸ਼ੇਖ਼ੂਪੁਰਾ ਨਾਲ ਨਿਕਾਹ ਕਰਵਾਉਣ ਅਤੇ ਧਰਮ ਪਰਿਵਰਤਨ ਦੇ ਮਾਮਲੇ ਬਾਰੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ | ਜਾਣਕਾਰੀ ਅਨੁਸਾਰ ਸਰਹੱਦ ਪਾਰ ਸੁਰੱਖਿਆ ਏਜੰਸੀਆਂ 'ਚ ਇਹ ਚਰਚਾ ਜ਼ੋਰਾਂ ਨਾਲ ਚੱਲ ਰਹੀ ਹੈ ਕਿ ਸਰਬਜੀਤ ਕੌਰ ਨੂੰ ਅਗਲੇ 10 ਦਿਨਾਂ ਦੇ ਅੰਦਰ ਕਿਸੇ ਵੀ ਵੇਲੇ ਭਾਰਤ ਭੇਜਿਆ ਜਾ ਸਕਦਾ ਹੈ | ਸਰਹੱਦ ਪਾਰ ਦੇ ਸੂਤਰਾਂ ਨੇ ਲਾਹੌਰ ਤੋਂ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਕਤ ਭਾਰਤੀ ਮਹਿਲਾ ਅਤੇ ਉਸ ਦਾ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਮੌਜੂਦਾ ਸਮੇਂ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਨਜ਼ਰਬੰਦੀ 'ਚ ਹਨ ਅਤੇ ਉਨ੍ਹਾਂ ਨੂੰ ਲਾਹੌਰ ਰੱਖਿਆ ਗਿਆ ਹੈ | ਪਾਕਿਸਤਾਨੀ ਵਕੀਲ ਅਲੀ ਚੰਗੇਜ਼ੀ ਸੰਧੂ ਵਲੋਂ ਲਾਹੌਰ ਹਾਈ ਕੋਰਟ 'ਚ ਸਰਬਜੀਤ ਕੌਰ ਨੂੰ ਗਿ੍ਫ਼ਤਾਰ ਕਰਕੇ ਭਾਰਤ ਵਾਪਸ ਭੇਜਣ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਬਾਅਦ ਲਹਿੰਦੇ ਪੰਜਾਬ ਦੀ ਪੁਲਿਸ, ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਅਤੇ ਆਈ. ਐੱਸ. ਆਈ. ਸਮੇਤ ਹੋਰ ਅਦਾਰਿਆਂ 'ਤੇ ਦਬਾਅ ਬਣਨ ਉਪਰੰਤ ਸਰਬਜੀਤ ਕੌਰ ਕੋਲੋਂ ਉਸ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ (ਜਾਤਿ ਨਾਈ/ਬੱਦੂ) ਪੁੱਤਰ ਮੁਹੰਮਦ ਤੁਫ਼ੈਲ ਖ਼ਿਲਾਫ਼ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਹ ਉਸ 'ਤੇ ਮਾਨਸਿਕ ਅਤੇ ਸਰੀਰਕ ਤਸ਼ੱਦਦ ਕਰ ਰਿਹਾ ਹੈ | ਉਸ ਨੇ ਸੰਬੰਧਿਤ ਮੰਤਰਾਲੇ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਇੱਛਾ ਨਾਲ ਵਾਪਸ ਭਾਰਤ ਪਰਤਣਾ ਚਾਹੁੰਦੀ ਹੈ |
ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਚਰਚਾ
ਅਜੀਤ ਡੈਸਕ
22-12-2025