ਜਲੰਧਰ, 22 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਸੂਫ਼ੀ ਗਾਇਕ-ਸੰਗੀਤਕਾਰ ਉਸਤਾਦ ਪੂਰਨ ਸ਼ਾਹਕੋਟੀ ਦਾ ਅੱਜ ਇਥੇ ਦਿਹਾਂਤ ਹੋ ਗਿਆ। ਉਹ ਲਗਭਗ 83 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ 23 ਦਸੰਬਰ ਨੂੰ ਸਵੇਰੇ 11 ਵਜੇ ਦਿਉਲ ਨਗਰ ਵਿਖੇ ਸਪਰੁਦੇ ਖਾਕ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ 'ਤੇ ਰਾਜਨੀਤਕ ਆਗੂਆਂ, ਸਾਹਿਤਕ ਹਸਤੀਆਂ, ਗਾਇਕਾਂ, ਸੰਗੀਤਕਾਰਾਂ ਅਤੇ ਪ੍ਰਸੰਸਕਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਸੁਸ਼ੀਲ ਰਿੰਕੂ, ਕੇ.ਡੀ. ਭੰਡਾਰੀ ਸਾਬਕਾ ਵਿਧਾਇਕ, 'ਆਪ' ਆਗੂ ਦੀਪਕ ਬਾਲੀ, ਰੋਬਿਨ ਸਾਂਪਲਾ, ਰਛਪਾਲ ਸਿੰਘ ਪਾਲ ਤੇ ਹੋਰਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਸਤਾਦ ਪੂਰਨ ਸ਼ਾਹ ਕੋਟੀ ਪ੍ਰਸਿੱਧ ਗਾਇਕ ਮਾਸਟਰ ਸਲੀਮ ਅਤੇ ਪੇਜੀ ਸ਼ਾਹਕੋਟੀ ਦੇ ਪਿਤਾ ਸਨ। ਇਸ ਤੋਂ ਇਲਾਵਾ ਉਹ ਪੰਜਾਬੀ ਸੰਗੀਤ ਜਗਤ ਦੇ ਕਈ ਵੱਡੇ ਕਲਾਕਾਰਾਂ ਦੇ ਗੁਰੂ ਵੀ ਰਹੇ, ਜਿਨ੍ਹਾਂ ਵਿਚ ਪ੍ਰਸਿੱਧ ਗਾਇਕ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਸਾਬਰਕੋਟੀ ਵਰਗੇ ਕਲਾਕਾਰ ਸ਼ਾਮਿਲ ਹਨ, ਜਿਨ੍ਹਾਂ ਨੇ ਪੂਰਨ ਸ਼ਾਹ ਕੋਟੀ ਦੀ ਰਹਿਨੁਮਾਈ ਹੇਠ ਆਪਣਾ ਸੰਗੀਤਕ ਸਫਰ ਸ਼ੁਰੂ ਕਰਕੇ ਉੱਚਾ ਮੁਕਾਮ ਹਾਸਲ ਕੀਤਾ।
ਨਹੀਂ ਰਹੇ ਉਸਤਾਦ ਪੂਰਨ ਸ਼ਾਹਕੋਟੀ
ਅਜੀਤ ਡੈਸਕ
23-12-2025