ਅੰਮਿ੍ਤਸਰ, 22 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਏ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਦੇ ਰਸਤੇ 'ਤੇ ਵਿਛਾਉਣ ਲਈ ਪਿਛਲੇ 11 ਸਾਲਾਂ ਤੋਂ ਹਰ ਵਾਰ ਲਗਭਗ ਡੇਢ ਕਿੱਲੋਮੀਟਰ ਲੰਬਾ ਕਾਲੀਨ ਭੇਟ ਕਰਦੇ ਆ ਰਹੇ ਪਾਕਿਸਤਾਨ ਦੇ ਮੁਸਲਿਮ ਸ਼ਰਧਾਲੂ ਸਈਅਦ ਜ਼ਮੀਲ ਅੱਬਾਸ ਨਕਵੀ ਦਾ ਅੱਜ ਲੰਬੀ ਬਿਮਾਰੀ ਦੇ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਨੇ ਲਾਹੌਰ ਦੇ ਡਾਕਟਰਜ਼ ਹਸਪਤਾਲ 'ਚ ਆਖ਼ਰੀ ਸਾਹ ਲਿਆ ਅਤੇ ਉਨ੍ਹਾਂ ਦੇ ਅੰਤਿਮ ਜਨਾਜ਼ੇ ਦੀਆਂ ਰਸਮਾਂ ਜ਼ਿਲ੍ਹਾ ਮੰਡੀ ਬਹਾਉੱਦੀਨ 'ਚ ਪਾਕਿਸਤਾਨੀ ਸਮੇਂ ਮੁਤਾਬਿਕ ਸ਼ਾਮ 4.30 ਵਜੇ ਪੂਰੀਆਂ ਕੀਤੀਆਂ ਗਈਆਂ | ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਤੋਂ ਪਹੁੰਚੇ ਗ੍ਰੰਥੀ ਸਿੰਘਾਂ ਅਤੇ ਹੋਰ ਸਿੱਖ ਆਗੂਆਂ ਨੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਸ੍ਰੀ ਨਨਕਾਣਾ ਸਾਹਿਬ 'ਚ ਰਹਿੰਦੇ ਸਈਅਦ ਜ਼ਮੀਲ ਅੱਬਾਸ ਨਕਵੀ ਦੇ ਮੈਨੇਜਰ ਗੁਰਬਚਨ ਸਿੰਘ ਨੇ ਅੱਜ 'ਅਜੀਤ' ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਕਵੀ ਦੀ ਸਿਹਤ ਲੰਬੇ ਸਮੇਂ ਤੋਂ ਖ਼ਰਾਬ ਚਲਦੀ ਆ ਰਹੀ ਸੀ |
ਨਹੀਂ ਰਹੇ ਗੁਰੂਘਰ ਦੇ ਅਨਿੰਨ ਮੁਸਲਿਮ ਸ਼ਰਧਾਲੂ ਜ਼ਮੀਲ ਅੱਬਾਸ ਨਕਵੀ <br/>
ਅਜੀਤ ਡੈਸਕ
23-12-2025